ਸੁਪਰੀਮ ਕੋਰਟ 'ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ

12/08/2019 8:57:04 AM

ਨਵੀਂ ਦਿੱਲੀ-ਹੈਦਰਾਬਾਦ ਦੇ ਜਬਰ-ਜ਼ਨਾਹ ਅਤੇ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਪੁਲਸ ਮੁਕਾਬਲੇ 'ਚ ਮਾਰੇ ਜਾਣ ਦਾ ਮਾਮਲਾ ਸ਼ਨੀਵਾਰ ਸੁਪਰੀਮ ਕੋਰਟ 'ਚ ਪੁੱਜਾ ਅਤੇ ਇਸ ਦੀ ਨਿਰਪੱਖ ਜਾਂਚ ਲਈ 2 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਇਕ ਪਟੀਸ਼ਨ 2 ਵਕੀਲਾਂ ਜੀ. ਐੱਸ. ਮਨੀ ਅਤੇ ਪ੍ਰਦੀਪ ਕੁਮਾਰ ਯਾਦਵ ਨੇ ਦਾਇਰ ਕੀਤੀ, ਜਦਕਿ ਦੂਜੀ ਪਟੀਸ਼ਨ ਮਨੋਹਰ ਲਾਲ ਸ਼ਰਮਾ ਨੇ ਦਾਇਰ ਕੀਤੀ। ਪਹਿਲੀ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਪੁਲਸ ਟੀਮ ਦੇ ਮੁਖੀ ਸਮੇਤ ਐਨਕਾਊਂਟਰ 'ਚ ਸ਼ਾਮਲ ਸਭ ਪੁਲਸ ਮੁਲਾਜ਼ਮਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਪਟੀਸ਼ਨ 'ਚ ਇਹ ਮੰਗ ਵੀ ਕੀਤੀ ਗਈ ਹੈ ਕਿ ਜਾਂਚ ਸੀ.ਬੀ.ਆਈ., ਐੱਸ. ਆਈ. ਟੀ. , ਸੀ. ਆਈ. ਡੀ. ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਏ। ਕੋਈ ਵੀ ਜਾਂਚ ਏਜੰਸੀ ਤੇਲੰਗਾਨਾ ਸਰਕਾਰ ਦੇ ਅਧੀਨ ਨਾ ਹੋਵੇ।

ਪਟੀਸ਼ਨਕਰਤਾਵਾਂ ਨੇ ਇਸ ਗੱਲ ਦੀ ਜਾਂਚ ਦੀ ਵੀ ਮੰਗ ਕੀਤੀ ਹੈ ਕਿ ਮੁਕਾਬਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ 2014 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਮਨੋਹਰ ਲਾਲ ਸ਼ਰਮਾ ਨੇ ਅਦਾਲਤ ਦੀ ਨਿਗਰਾਨੀ 'ਚ ਵਿਸ਼ੇਸ਼ ਜਾਂਚ ਟੀਮ ਕੋਲੋਂ ਜਾਂਚ ਕਰਵਾਉਣ ਦੇ ਨਾਲ-ਨਾਲ ਮੁਲਜ਼ਮਾਂ ਵਿਰੁੱਧ ਟਿੱਪਣੀਆਂ ਕਰਨ ਲਈ ਰਾਜ ਸਭਾ ਦੀ ਮੈਂਬਰ ਜਯਾ ਬੱਚਨ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ 'ਚ ਸ਼ਾਮਲ ਮੁਲਜ਼ਮਾਂ ਨੂੰ ਅਦਾਲਤ ਤੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਮੀਡੀਆ 'ਚ ਬਹਿਸ ’ਤੇ ਰੋਕ ਲਾਉਣੀ ਚਾਹੀਦੀ ਹੈ।

ਮਾਰੇ ਗਏ 4 ਮੁਲਜ਼ਮਾਂ ਵਿਰੁੱਧ ਪੁਲਸ ਮੁਲਾਜ਼ਮਾਂ ’ਤੇ ਹਮਲੇ ਦਾ ਮਾਮਲਾ ਦਰਜ
4 ਮਾਰੇ ਗਏ ਮੁਲਜ਼ਮਾਂ ਵਿਰੁੱਧ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਹੈਦਰਾਬਾਦ 'ਚ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 307 ਅਤੇ 176 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਕਤ ਮੁਲਜ਼ਮਾਂ ਨਾਲ ਗਈ ਪੁਲਸ ਪਾਰਟੀ ਦੇ ਮੁਖੀ ਦੀ ਸ਼ਿਕਾਇਤ ’ਤੇ ਇਸ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਐੱਨ.ਐੱਚ.ਆਰ.ਸੀ. ਨੇ ਸ਼ੁਰੂ ਕੀਤੀ ਜਾਂਚ-
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ. ਸੀ) ਦੀ ਇੱਕ ਟੀਮ ਨੇ 4 ਮੁਲਜ਼ਮਾਂ ਦੇ ਕਥਿਤ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਸ਼ਨੀਵਾਰ ਨੂੰ ਮੌਕੇ 'ਚੇ ਜਾ ਕੇ ਜਾਂਚ ਸ਼ੁਰੂ ਕੀਤੀ। ਸੂਤਰਾਂ ਦੇ ਦੱਸਿਆ ਹੈ ਕਿ ਟੀਮ ਨੇ ਮਹਿਬੂਬ ਨਗਰ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਚਾਰਾ ਮੁਲਜ਼ਮਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਰੱਖੀਆਂ ਗਈਆਂ ਹਨ। ਐੱਨ.ਐੱਚ.ਆਰ.ਸੀ ਨੇ ਐਨਕਾਊਂਟਰ 'ਚ 4 ਮੁਲਜ਼ਮਾਂ ਦੇ ਮਾਰੇ ਜਾਣ ਦਾ ਨੋਟਿਸ ਲੈਂਦਿਆਂ ਸ਼ੁੱਕਰਵਾਰ ਹੀ ਜਾਂਚ ਦੇ ਹੁਕਮ ਦਿੱਤੇ ਸਨ। ਮਨੁੱਖੀ ਅਧਿਕਾਰਾਂ ਦੀ ਉਕਤ ਚੋਟੀ ਦੀ ਸੰਸਥਾ ਨੇ ਕਿਹਾ ਹੈ ਕਿ ਮੁਕਾਬਲਾ ਚਿੰਤਾ ਦਾ ਵਿਸ਼ਾ ਹੈ। ਇਸ ਸੰਬਧੀ ਚੌਕਸੀ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ।

ਐਨਕਾਊਂਟਰ ’ਤੇ ਸੁਪਰੀਮ ਕੋਰਟ ਦੀਆਂ 2014 ਦੀਆਂ ਸੇਧ ਲੀਹਾਂ-
* ਐਨਕਾਊਂਟਰ ਹੋਣ ਪਿੱਛੋਂ ਉਸ ਦੀ ਐੱਫ. ਆਈ. ਆਰ. ਦਰਜ ਹੋਣੀ ਜ਼ਰੂਰੀ ਹੈ।
* ਐਨਕਾਊਂਟਰ ਵਿਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੂਚਨਾ ਦੇਣੀ ਹੋਵੇਗੀ।
* ਸਭ ਮੌਤਾਂ ਦੀ ਮੈਜਿਸਟਰੇਟੀ ਜਾਂਚ ਹੋਵੇਗੀ। ਜਾਂਚ ਸੀ. ਆਈ. ਡੀ. ਜਾਂ ਕਿਸੇ ਹੋਰ ਪੁਲਸ ਸਟੇਸ਼ਨ ਦੀ ਟੀਮ ਵਲੋਂ ਕੀਤੀ ਜਾਏਗੀ।
* ਜਾਂਚ ਐਨਕਾਊਂਟਰ ਵਿਚ ਸ਼ਾਮਲ ਟੀਮ ਦੇ ਮੁਖੀ ਤੋਂ ਇਕ ਅਹੁਦਾ ਉੱਚੇ ਅਧਿਕਾਰੀ ਦੀ ਨਿਗਰਾਨੀ ਹੇਠ ਹੋਵੇਗੀ।
* ਐਨਕਾਊਂਟਰ ਵਿਚ ਹੋਣ ਵਾਲੀ ਮੌਤ ਦੀ ਸੂਚਨਾ ਰਾਸ਼ਟਰੀ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੇਣੀ ਜ਼ਰੂਰੀ ਹੈ।
* ਐਨਕਾਊਂਟਰ ਵਿਚ ਸ਼ਾਮਲ ਪੁਲਸ ਦੀ ਟੀਮ ਦੇ ਮੈਂਬਰਾਂ ਨੂੰ ਬਰੀ ਹੋਣ ਤੋਂ ਪਹਿਲਾਂ ਤਰੱਕੀ ਨਹੀਂ ਦਿੱਤੀ ਜਾਏਗੀ।


Iqbalkaur

Content Editor

Related News