ਬਿਗ ਬੌਸ 'ਚ ਗਧੇ ਨੂੰ ਵੇਖ ਭੜਕੀ ਪੈਟਾ, ਸਲਮਾਨ ਖਾਨ ਨੂੰ ਚਿੱਠੀ ਲਿਖ ਕਿਹਾ- ਕੱਢੋ ਬਾਹਰ
Wednesday, Oct 09, 2024 - 05:48 PM (IST)
ਨਵੀਂ ਦਿੱਲੀ (ਭਾਸ਼ਾ)- 'ਪੀਪੁਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼' (ਪੈਟਾ) ਇੰਡੀਆ ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਕੇ 'ਬਿਗ ਬੌਸ 18' ਦੇ ਸੈੱਟ ਤੋਂ ਗਧੇ ਨੂੰ ਹਟਾ ਦੇਣ। ਸਲਮਾਨ ਨੂੰ ਭੇਜੀ ਗਈ ਚਿੱਠੀ 'ਚ ਪੈਟਾ ਇੰਡੀਆ ਨੇ ਗਧੇ ਦੀ ਵਰਤੋਂ 'ਤੇ ਵਧਦੀ ਜਨਤਕ ਚਿੰਤਾ ਬਾਰੇ ਦੱਸਿਆ, ਜਿਸ ਨੂੰ ਲੋਕਪ੍ਰਿਯ ਰਿਐਲਿਟੀ ਸ਼ੋਅ ਦੇ ਨਵੇਂ ਸੀਜ਼ਨ 'ਚ 19ਵੇਂ ਮੁਕਾਬਲੇਬਾਜ਼ 'ਗਧਰਾਜ' ਵਜੋਂ ਪੇਸ਼ ਕੀਤਾ ਗਿਆ ਸੀ। ਸਲਮਾਨ ਖਾਨ ਵਲੋਂ ਪੇਸ਼ ਕੀਤੇ ਜਾਣ ਵਾਲੇ 'ਬਿਗ ਬੌਸ' ਦੇ 18ਵੇਂ ਸੀਜ਼ਨ ਦਾ ਐਤਵਾਰ ਨੂੰ ਕਲਰਜ਼ ਟੀਵੀ ਚੈਨਲ 'ਤੇ ਪ੍ਰੀਮੀਅਰ ਹੋਇਆ। ਚਿੱਠੀ 'ਚ ਕਿਹਾ ਗਿਆ,''ਸਾਨੂੰ ਲੋਕਾਂ ਤੋਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਹਨ, ਜੋ 'ਬਿਗ ਬੌਸ' ਦੇ ਘਰ 'ਚ ਗਧੇ ਨੂੰ ਰੱਖੇ ਜਾਣ ਤੋਂ ਬੇਹੱਦ ਚਿੰਤਤ ਹਨ। ਉਨ੍ਹਾਂ ਨੂੰ ਚਿੰਤਾਵਾਂ ਸੁਭਾਵਿਕ ਹਨ ਅਤੇ ਉਨ੍ਹਾਂ ਨੂੰ ਅਣਦੇਖਾ ਨਹੀਂ ਕੀਤਾ ਜਾਣਾ ਚਾਹੀਦਾ।''
ਪ੍ਰਤੀਨਿਧੀ ਸ਼ੌਰਿਆ ਅਗਰਵਾਲ ਵਲੋਂ ਲਿਖੀ ਗਈ ਚਿੱਠੀ ਦੇ ਮਾਧਿਅਮ ਨਾਲ ਪੈਟਾ ਇੰਡੀਆ ਨੇ 'ਟਾਈਗਰ 3' ਦੇ ਅਦਾਕਾਰ ਨੂੰ ਕਿਹਾ ਕਿ ਉਹ ਆਪਣੇ ਪ੍ਰਭਾਵ ਦਾ ਉਪਯੋਗ ਕਰ ਕੇ ਸ਼ੋਅ ਦੇ ਨਿਰਮਾਤਾਵਾਂ ਨੂੰ ਅਪੀਲ ਕਰਨ ਕਿ ਉਹ ਮਨੋਰੰਜਨ ਲਈ ਜਾਨਵਰਾਂ ਦੀ ਵਰਤੋਂ ਨਾ ਕਰਨ।'' ਇਸ 'ਚ ਕਿਹਾ ਗਿਆ ਹੈ,''ਇਸ ਨਾਲ ਨਾ ਸਿਰਫ਼ ਪਸ਼ੂਆਂ 'ਤੇ ਪੈਣ ਵਾਲੇ ਤਣਾਅ ਅਤੇ ਦਰਸ਼ਕਾਂ ਦੀ ਪਰੇਸ਼ਾਨੀ ਨੂੰ ਰੋਕਿਆ ਜਾ ਸਕੇਗਾ ਸਗੋਂ ਇਕ ਪੁਖਤਾ ਮਿਸਾਲ ਵੀ ਕਾਇਮ ਹੋਵੇਗੀ।'' ਚਿੱਠੀ 'ਚ ਗੈਰ-ਲਾਭਕਾਰੀ ਸੰਗਠਨ ਨੇ ਇਹ ਵੀ ਅਪੀਲ ਕੀਤੀ ਕਿ ਗਧੇ ਨੂੰ ਮੁੜ ਵਸੇਬੇ ਲਈ ਪੈਟਾ ਇੰਡੀਆ ਨੂੰ ਸੌਂਪ ਦਿੱਤਾ ਜਾਵੇ, ਜਿੱਥੇ ਉਹ ਹੋਰ ਬਚਾਏ ਗਏ ਗਧਿਆਂ ਨਾਲ ਰਹਿ ਸਕੇ। ਸ਼ਿਕਾਇਤਾਂ ਇਸ ਗੱਲ 'ਤੇ ਕੇਂਦਰਿਤ ਹਨ ਕਿ ਗਧੇ ਨੂੰ ਇਕ ਛੋਟੇ ਜਿਹੇ ਸਥਾਨ 'ਚ ਸੀਮਿਤ ਕਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਟੈਲੀਵਿਜ਼ਨ ਸੈੱਟ 'ਤੇ ਉਲਟ ਸਥਿਤੀਆਂ 'ਚ ਰੱਖਿਆ ਜਾਂਦਾ ਹੈ, ਜੋ ਕਿ ਗਧੇ ਵਰਗੇ ਜਾਨਵਰਾਂ ਲਈ ਵਿਸ਼ੇਸ਼ ਰੂਪ ਨਾਲ ਕਸ਼ਟਦਾਇਕ ਹੋ ਸਕਦੀਆਂ ਹਨ। ਉਨ੍ਹਾਂ ਕਿਹਾ,''ਬਿਗ ਬੌਸ ਮਨੋਰੰਜਕ ਪ੍ਰੋਗਰਾਮ ਹੈ ਪਰ ਸ਼ੋਅ ਦੇ ਸੈੱਟ 'ਤੇ ਜਾਨਵਰਾਂ ਦਾ ਇਸਤੇਮਾਲ ਕੋਈ ਹਾਸੇ ਮਜ਼ਾਕ ਦੀ ਗੱਲ ਨਹੀਂ ਹੈ...। ਉਨ੍ਹਾਂ ਨੂੰ ਅਤੇ ਹੋਰ ਜਾਨਵਰਾਂ ਨੂੰ ਸਾਰੇ ਸ਼ੋਅ ਦੇ ਸੈੱਟ 'ਤੇ ਹੋਣ ਵਾਲੀ ਰੋਸ਼ਨੀ, ਆਵਾਜ਼ ਅਤੇ ਰੌਲਾ ਭਿਆਨਕ ਲੱਗੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8