ਮੁਹੱਬਤ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਨੂੰ ਸਮਝਦੇ ਹਨ ਰਾਖਸ਼ : ਸ਼ਿਵਰਾਜ
Thursday, Aug 17, 2023 - 05:56 PM (IST)
ਭੋਪਾਲ- ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਵਲੋਂ ਭਾਰਤੀ ਜਨਤਾ ਪਾਰਟੀ ਦੇ ਵੋਟਰਾਂ ਬਾਰੇ ਦਿੱਤੇ ਕਥਿਤ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕੀ ਮੰਨਦੇ ਹਨ ਤੇ ਕੀ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਲੋਕਾਂ ਨੂੰ ਰਾਖਸ਼ ਸਮਝਦੇ ਹਨ?
ਚੌਹਾਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਾਂਗਰਸੀ ਆਗੂ ਭਾਜਪਾ ਦੇ ਵੋਟਰਾਂ ਨੂੰ ਕਹਿ ਰਹੇ ਹਨ ਕਿ ਲੋਕ ਰਾਖਸ਼ ਹਨ। ਕੀ ਭਾਜਪਾ ਨੂੰ ਵੋਟ ਪਾਉਣ ਵਾਲੇ ਰਾਖਸ਼ ਹਨ? ਭਾਜਪਾ ਲੋਕਾਂ ਨੂੰ ਭਗਵਾਨ ਮੰਨਦੀ ਹੈ। ਕਾਂਗਰਸ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਗਵਾਨ ਸਮਝਦੇ ਹਨ, ਸ਼ਰਾਪ ਦੇ ਰਹੇ ਹਨ, ਕੀ ਇਹ ਮੁਹੱਬਤ ਦੀ ਦੁਕਾਨ ਹੈ?
ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਵਾਰ-ਵਾਰ ਚੋਣ ਹਾਰਾਂ ਨੇ ਕਾਂਗਰਸ ਨੂੰ ‘ਬੇਤੁਕਾ’ ਬਣਾ ਦਿੱਤਾ ਹੈ । ਅਜਿਹੀਆਂ ਬੇਤੁਕੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਨੇ ਪੱਕੇ ਤੌਰ ’ਤੇ ਵਿਰੋਧੀ ਧਿਰ ਵਿਚ ਰਹਿਣ ਦਾ ਫੈਸਲਾ ਕਰ ਲਿਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ‘ਸ਼ਹਿਜ਼ਾਦੇ’ ਨੂੰ ਲਾਂਚ ਕਰਨ 'ਚ ਵਾਰ-ਵਾਰ ਅਸਫਲ ਰਹੀ ਕਾਂਗਰਸ ਪਾਰਟੀ ਨੇ ਹੁਣ ਲੋਕਾਂ ਨੂੰ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਸੂਰਜੇਵਾਲਾ ਦਾ ਵੀਡੀਓ ਵੀ ਸਾਂਝਾ ਕੀਤਾ। ਭਾਜਪਾ ਦੇ ਸੂਚਨਾ ਤੇ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਕਿ ਕਾਂਗਰਸ, ਇਸ ਦੀ ਚੋਟੀ ਦੀ ਲੀਡਰਸ਼ਿਪ ਅਤੇ ਉਨ੍ਹਾਂ ਦੇ ਦਰਬਾਰੀਆਂ ਨੇ ਆਪਣੀ ਅਜਿਹੀ ਮਾਨਸਿਕਤਾ ਕਾਰਨ ਹੀ ਲੋਕਾਂ ਦਾ ਸਮਰਥਨ ਗੁਆ ਲਿਆ ਹੈ।
ਨੌਜਵਾਨਾਂ ਦੇ ਭਵਿੱਖ ’ਤੇ ਬੁਲਡੋਜ਼ਰ ਚਲਾਉਣ ਵਾਲੇ ਕੀ ਦੇਵਤਾ ਹਨ : ਸੂਰਜੇਵਾਲਾ
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਨੇ ਹਰਿਆਣਾ ’ਚ ਭਾਜਪਾ-ਜਨਨਾਇਕ ਜਨਤਾ ਪਾਰਟੀ ਦੀ ਗਠਜੋੜ ਸਰਕਾਰ ’ਤੇ ਫਿਰ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ’ਤੇ ਬੁਲਡੋਜ਼ਰ ਚਲਾਉਣ ਵਾਲੇ ਲੋਕ ‘ਅਸੁਰ’ ਨਹੀਂ ਤਾਂ ਕੀ ਦੇਵਤਾ ਹਨ? ਉਨ੍ਹਾਂ ਇਹ ਵੀ ਕਿਹਾ ਕਿ ਮੇਰੀਆਂ ਗੱਲਾਂ ਦਾ ਰਾਈ ਦਾ ਪਹਾੜ ਬਣਾ ਦਿੱਤਾ ਗਿਆ ਪਰ ਮੈਂ ‘ਗਿੱਦੜ-ਭਬਕੀਆਂ’ ਤੋਂ ਡਰਦਾ ਨਹੀਂ ਅਤੇ ਜਨਤਕ ਮੁੱਦੇ ਉਠਾਉਂਦਾ ਰਹਾਂਗਾ।