ਉੱਪ ਰਾਸ਼ਟਰਪਤੀ ਧਨਖੜ ਬੋਲੇ- ਸੜਕਾਂ ’ਤੇ ਉਤਰਨ ਦੀ ਬਜਾਏ ਨਿਆਇਕ ਪ੍ਰਣਾਲੀ ’ਚ ਰੱਖੋ ਭਰੋਸਾ
Tuesday, Oct 31, 2023 - 02:51 PM (IST)
ਗੁਹਾਟੀ, (ਭਾਸ਼ਾ)– ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਮਵਾਰ ਨੂੰ ਲੋਕਾਂ ਨੂੰ ਕਾਨੂੰਨੀ ਮੁੱਦਿਆਂ ਨਾਲ ਨਜਿੱਠਣ ਲਈ ਸੜਕਾਂ ’ਤੇ ਉਤਰਨ ਦੀ ਬਜਾਏ ਦੇਸ਼ ਦੀ ਨਿਆਇਕ ਪ੍ਰਣਾਲੀ ’ਚ ਭਰੋਸਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸ਼ਾਸਨ ਪ੍ਰਣਾਲੀ ਦੀ ਸਫਾਈ ਕਰ ਦਿੱਤੀ ਗਈ ਹੈ ਅਤੇ ਸੱਤਾ ਦੇ ਦਲਾਲਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ।
ਆਸਾਮ ਦੀ ਇਕ ਦਿਨਾ ਯਾਤਰਾ ਦੌਰਾਨ ਗੁਹਾਟੀ ਦੀ ਕਾਟਨ ਯੂਨੀਵਰਸਿਟੀ ’ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਧਨਖੜ ਨੇ ਕਿਹਾ,‘ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਜਦ ਵੀ ਅਦਾਲਤ ਜਾਂ ਜਾਂਚ ਏਜੰਸੀਆਂ ਤੋਂ ਸੰਮਨ ਮਿਲਦਾ ਹੈ ਤਾਂ ਉਹ ਸੜਕਾਂ ’ਤੇ ਉੱਤਰ ਆਉਂਦੇ ਹਨ।’ ਉਨ੍ਹਾਂ ਕਿਹਾ,‘ਸਾਡੇ ਕੋਲ ਇਕ ਮਜ਼ਬੂਤ ਨਿਆਇਕ ਪ੍ਰਣਾਲੀ ਹੈ। ਅਸੀਂ ਇਸ ਦਾ ਲਾਭ ਕਿਉਂ ਨਹੀਂ ਉਠਾਉਂਦੇ? ਸਾਡੀਆਂ ਅਦਾਲਾਤਾਂ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ।
ਉੱਪ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸ਼ਾਸਨ ਦੇ ਤਹਿਤ ਭ੍ਰਿਸ਼ਟਾਚਾਰ ਨੂੰ ਸਿਸਟਮ ਤੋਂ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ,‘ਮੈਂ ਅਜਿਹਾ ਸਮਾਂ ਵੀ ਦੇਖਿਆ ਹੈ, ਜਦ ਇਹ ਸੋਚਿਆ ਜਾਂਦਾ ਸੀ ਕਿ ਕਾਨੂੰਨ ਕੁਝ ਲੋਕਾਂ ਤੱਕ ਨਹੀਂ ਪਹੁੰਚ ਸਕਦਾ, ਦਲਾਲ ਹਰ ਜਗ੍ਹਾ ਸਨ ਅਤੇ ਭ੍ਰਿਸ਼ਟਾਚਾਰ ਫੈਲਿਆ ਸੀ ਪਰ ਉਹ ਸਮਾਂ ਹੁਣ ਖਤਮ ਹੋ ਗਿਆ ਹੈ। ਧਨਖੜ ਨੇ ਕਿਹਾ,‘ਇਕ ਦੌਰ ਸੀ ਜਦ ਸਾਡੇ ਸੱਤਾ ਦੇ ਗਲਿਆਰੇ ਅਤੇ ਸ਼ਾਸਨ ਪ੍ਰਣਾਲੀ ਸੱਤਾ ਦੇ ਦਲਾਲਾਂ ਅਤੇ ਭ੍ਰਿਸ਼ਟ ਅਨਸਰਾਂ ਨਾਲ ਭਰੇ ਹੋਏ ਸਨ। ਇਨ੍ਹਾਂ ਗਲਿਆਰਿਆਂ ਨੂੰ ਹੁਣ ਸਾਫ ਕਰ ਦਿੱਤਾ ਗਿਆ ਹੈ ਅਤੇ ਦਲਾਲਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ।