ਤੇਲੰਗਾਨਾ ਦੀ ਜਨਤਾ ਕਾਂਗਰਸ ਸਰਕਾਰ ਤੋਂ ਹੋਈ ਤੰਗ : ਮੋਦੀ

Thursday, Nov 28, 2024 - 12:13 AM (IST)

ਤੇਲੰਗਾਨਾ ਦੀ ਜਨਤਾ ਕਾਂਗਰਸ ਸਰਕਾਰ ਤੋਂ ਹੋਈ ਤੰਗ : ਮੋਦੀ

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਤੇਲੰਗਾਨਾ ਦੀ ਜਨਤਾ ਉੱਥੋਂ ਦੀ ਕਾਂਗਰਸ ਸਰਕਾਰ ਤੋਂ ਤੰਗ ਹੋ ਚੁੱਕੀ ਹੈ ਅਤੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਕੁਸ਼ਾਸਨ ਦੀਆਂ ਭਿਆਨਕ ਯਾਦਾਂ ਅਜੇ ਵੀ ਉਨ੍ਹਾਂ ਦੇ ਮਨ ਵਿਚ ਤਾਜ਼ਾ ਹਨ, ਇਸ ਲਈ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲ ਵੱਡੀ ਆਸ ਨਾਲ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਇਕ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ।

ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਤੇਲੰਗਾਨਾ ਭਾਜਪਾ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਬੜੀ ਚੰਗੀ ਬੈਠਕ ਹੋਈ।’ ਉਨ੍ਹਾਂ ਕਿਹਾ, ‘ਸੂਬੇ ਵਿਚ ਸਾਡੀ ਪਾਰਟੀ ਦੀ ਹਾਜ਼ਰੀ ਤੇਜ਼ੀ ਨਾਲ ਵਧ ਰਹੀ ਹੈ। ਤੇਲੰਗਾਨਾ ਦੇ ਲੋਕ ਪਹਿਲਾਂ ਹੀ ਕਾਂਗਰਸ ਤੋ ਤੰਗ ਆ ਚੁੱਕੇ ਹਨ ਅਤੇ ਬੀ.ਆਰ.ਐੱਸ. ਕੁਸ਼ਾਸਨ ਦੀਆਂ ਭਿਆਨਕ ਯਾਦਾਂ ਹਨ। ਉਹ ਵੱਡੀ ਆਸ ਨਾਲ ਭਾਜਪਾ ਵੱਲ ਦੇਖ ਰਹੇ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਬੀ.ਆਰ.ਐੱਸ. ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਭਾਜਪਾ ਲਗਾਤਾਰ ਅਵਾਜ਼ ਬੁਲੰਦ ਕਰਦੀ ਰਹੇਗੀ।

ਉਨ੍ਹਾਂ ਕਿਹਾ, ‘ਸਾਡੇ ਵਰਕਰ ਵਿਕਾਸ ਦੇ ਏਜੰਡੇ ’ਤੇ ਵਿਸਤਾਰ ਨਾਲ ਕੰਮ ਕਰਦੇ ਰਹਿਣਗੇ।’ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਅਤੇ ਸੀਨੀਅਰ ਨੇਤਾ ਕੇ ਲਕਸ਼ਮਣ ਸਮੇਤ ਕਈ ਸੰਸਦ ਮੈਂਬਰ ਅਤੇ ਵਿਧਾਇਕ ਹਾਜ਼ਰ ਸਨ।


author

Rakesh

Content Editor

Related News