ਦਿੱਲੀ ਦੇ ਲੋਕਾਂ ਦਾ ਕਾਨੂੰਨ ਵਿਵਸਥਾ ਤੋਂ ਉੱਠ ਗਿਆ ਹੈ ਭਰੋਸਾ : ਸੌਰਭ ਭਾਰਦਵਾਜ
Tuesday, May 30, 2023 - 12:28 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੇ ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਰੀ ਇਲਾਕੇ 'ਚ ਇਕ ਨਾਬਾਲਗ ਕੁੜੀ ਦੇ ਕਤਲ ਦੀ ਘਟਨਾ ਨੂੰ ਲੈ ਕੇ ਉੱਪ ਰਾਜਪਾਲ ਵੀ.ਕੇ. ਸਕਸੈਨਾ 'ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਸ਼ਹਿਰ ਦੀ ਕਾਨੂੰਨ ਵਿਵਸਥਾ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ।
ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ 16 ਸਾਲਾ ਕੁੜੀ ਦਾ ਉਸ ਦੇ ਪ੍ਰੇਮੀ ਨੇ ਕਈ ਵਾਰ ਚਾਕੂ ਨਾਲ ਵਾਰ ਕਰ ਕੇ ਅਤੇ ਫਿਰ ਪੱਥਰ ਨਾਲ ਕੁਚਲ ਕੇ ਕਤਲ ਕਰ ਦਿੱਤਾ ਸੀ। ਭਾਰਦਵਾਜ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਦਿੱਲੀ ਦੇ ਲੋਕਾਂ ਦਾ ਕਾਨੂੰਨ ਵਿਵਸਥਾ ਤੋਂ ਭਰੋਸਾ ਉੱਠ ਚੁੱਕਿਆ ਹੈ। ਜੋ ਪੁਲਸ ਮਹਿਲਾ ਪਹਿਲਵਾਨਾਂ ਅਤੇ ਮਨੀਸ਼ ਸਿਸੋਦੀਆ 'ਤੇ ਬਲ ਪ੍ਰਯੋਗ ਕਰਦੀ ਹੈ ਉਹ ਇਨ੍ਹਾਂ ਕਾਤਲਾਂ ਦੇ ਸਾਹਮਣੇ ਕਮਜ਼ੋਰ ਨਜ਼ਰ ਆਉਂਦੀ ਹੈ। ਸਮੱਸਿਆ ਲੀਡਰਸ਼ਿਪ 'ਚ ਹੈ। ਉੱਪ ਰਾਜਪਾਲ ਦੀ ਪਹਿਲ ਕੁਝ ਹੋਰ ਹੈ।'' ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਕਸੈਨਾ ਤੋਂ ਇਸ ਮਾਮਲੇ 'ਤੇ ਸਖ਼ਤ ਕਦਮ ਉਠਾਉਣ ਦੀ ਸੋਮਵਾਰ ਨੂੰ ਅਪੀਲ ਕੀਤੀ ਸੀ। ਦਿੱਲੀ ਪੁਲਸ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੀ ਹੈ।