ਜੰਮੂ-ਕਸ਼ਮੀਰ ''ਚ ਰਿਕਾਰਡ ਤੋੜ ਵੋਟਿੰਗ, ਲੋਕਾਂ ਨੇ ਵੋਟ ਦੀ ਸ਼ਕਤੀ ਨੂੰ ਸਮਝ ਲਿਆ ਹੈ: ਸਿਨਹਾ

Wednesday, Oct 02, 2024 - 05:04 PM (IST)

ਜੰਮੂ-ਕਸ਼ਮੀਰ ''ਚ ਰਿਕਾਰਡ ਤੋੜ ਵੋਟਿੰਗ, ਲੋਕਾਂ ਨੇ ਵੋਟ ਦੀ ਸ਼ਕਤੀ ਨੂੰ ਸਮਝ ਲਿਆ ਹੈ: ਸਿਨਹਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਇਕ ਦਹਾਕੇ ਬਾਅਦ ਹਾਲ ਹੀ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਰਿਕਾਰਡ ਗਿਣਤੀ 'ਚ ਵੋਟ ਪਾਉਣ ਲਈ ਪੂਰੇ ਸੂਬੇ ਖਾਸ ਕਰਕੇ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਵੋਟਿੰਗ ਦੀ ਸ਼ਕਤੀ ਅਤੇ ਬੰਦੂਕਾਂ ਦੀ ਬੇਕਾਰਤਾ ਨੂੰ ਸਮਝਿਆ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਅੱਜ ਰਾਜ ਭਵਨ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਿਨਹਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਵੋਟਿੰਗ ਹੋਈ, ਕਿਉਂਕਿ ਇਹ ਚੋਣਾਂ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ।

ਸਿਨਹਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਉਮੀਦਵਾਰ ਅੱਧੀ ਰਾਤ ਤੱਕ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਵਿਚ ਲੱਗੇ ਰਹੇ। ਉਮੀਦਵਾਰਾਂ ਦੇ ਨਾਲ-ਨਾਲ ਵੋਟਰਾਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦਾ ਪੂਰਾ ਸਿਹਰਾ ਨੌਜਵਾਨਾਂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ 140 ਕਰੋੜ ਲੋਕਾਂ ਨੇ ਰਿਕਾਰਡ ਗਿਣਤੀ ਵਿਚ ਵੋਟਾਂ ਪਾ ਕੇ ਜੰਮੂ-ਕਸ਼ਮੀਰ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਆਪਣੀ ਦਿਲਚਸਪੀ ਵਿਖਾਈ।

ਇਨ੍ਹਾਂ ਚੋਣਾਂ ਵਿਚ ਲੋਕਾਂ ਨੇ ਵਿਖਾ ਦਿੱਤਾ ਕਿ ਹੁਣ ਉਹ ਬੰਦੂਕ ਅਤੇ ਪੱਥਰਾਂ ਵਿਚ ਭਰੋਸਾ ਨਹੀਂ ਰੱਖਦੇ, ਸਗੋਂ ਉਹ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਵੋਟ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਨੌਜਵਾਨਾਂ ਨੂੰ ਗਾਂਧੀ ਜੀ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਅਪੀਲ ਕਰਦਿਆਂ ਸਿਨਹਾ ਨੇ ਕਿਹਾ ਕਿ ਇਹ ਰਾਸ਼ਟਰਪਿਤਾ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਹੋਵੇਗੀ। ਸਿਨਹਾ ਨੇ ਕਿਹਾ ਹੁਣ ਇਹ ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਇਸ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਜੰਮੂ-ਕਸ਼ਮੀਰ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਉਣ ਵਿਚ ਯੋਗਦਾਨ ਪਾਉਣ।


author

Tanu

Content Editor

Related News