ਰਾਜਸਥਾਨ ਵਿਧਾਨ ਸਭਾ ਚੋਣਾਂ : ਲੋਕਤੰਤਰ ਦੇ ਤਿਉਹਾਰ 'ਤੇ ਲੋਕਾਂ 'ਚ ਉਤਸ਼ਾਹ, ਵੋਟਿੰਗ ਕੇਂਦਰਾਂ 'ਤੇ ਲੱਗੀਆਂ ਲਾਈਨਾਂ

Saturday, Nov 25, 2023 - 09:45 AM (IST)

ਰਾਜਸਥਾਨ ਵਿਧਾਨ ਸਭਾ ਚੋਣਾਂ : ਲੋਕਤੰਤਰ ਦੇ ਤਿਉਹਾਰ 'ਤੇ ਲੋਕਾਂ 'ਚ ਉਤਸ਼ਾਹ, ਵੋਟਿੰਗ ਕੇਂਦਰਾਂ 'ਤੇ ਲੱਗੀਆਂ ਲਾਈਨਾਂ

ਜੈਪੁਰ (ਭਾਸ਼ਾ)- ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਸਵੇਰੇ ਵੋਟਿੰਗ ਸ਼ੁਰੂ ਹੋ ਗਈ। ਹਲਕੀ ਸਰਦੀ ਦੇ ਦੌਰਾਨ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲੋਕਤੰਤਰ ਦੇ ਤਿਉਹਾਰ 'ਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਹਿੱਸੇਦਾਰੀ ਨਿਭਾਈ। ਸੂਬੇ 'ਚ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਪੋਲਿੰਗ ਸਟੇਸ਼ਨਾਂ 'ਤੇ ਪੁੱਜੇ ਨੌਜਵਾਨਾਂ, ਔਰਤਾਂ ਅਤੇ ਬਜ਼ੁਰਗ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ | ਜੈਪੁਰ ਦੇ ਮਾਲਵੀਆ ਨਗਰ ਸਥਿਤ ਨਿਤਿਨ ਪਬਲਿਕ ਸਕੂਲ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਕਾਲਜ ਦੇ ਵਿਦਿਆਰਥੀ ਹਿਮਾਂਸ਼ੂ ਜੈਸਵਾਲ ਨੇ ਦੱਸਿਆ,''ਮੈਂ ਸਵੇਰੇ 6 ਵਜੇ ਤਿਆਰ ਹੋ ਗਿਆ ਅਤੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਪੋਲਿੰਗ ਬੂਥ 'ਤੇ ਪਹੁੰਚਿਆ ਤਾਂ ਕਿ ਸਭ ਤੋਂ ਪਹਿਲਾਂ ਵੋਟ ਕਰੀਏ।'' ਹੋਰ ਹਲਕਿਆਂ ਵਿਚ ਵੀ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਲਈ ਬਾਹਰ ਨਿਕਲੇ। ਇਕ ਹੋਰ ਵੋਟਰ ਜੈ ਸਿੰਘ ਨੇ ਕਿਹਾ,"ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ।" ਜਮਵਾਰਾਮਗੜ੍ਹ ਵਿਚ ਇਕ ਵੋਟਰ ਸਵੇਰੇ 7 ਵਜੇ ਤੋਂ ਪਹਿਲਾਂ ਪੋਲਿੰਗ ਸਟੇਸ਼ਨ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਲੋਕ ਵਿਕਾਸ ਲਈ ਆਪਣੀ ਵੋਟ ਪਾਉਣਗੇ। ਵੋਟਰ ਨੇ ਕਿਹਾ,"ਮੈਂ ਲਾਈਨ ਵਿਚ ਖੜ੍ਹੇ ਹੋਣ ਤੋਂ ਬਚਣ ਲਈ ਸਵੇਰੇ ਆਇਆ ਸੀ।" ਜਿੱਥੋਂ ਤੱਕ ਰੁਝਾਨਾਂ ਦਾ ਸਵਾਲ ਹੈ, ਮੇਰਾ ਮੰਨਣਾ ਹੈ ਕਿ ਇਸ ਪੇਂਡੂ ਖੇਤਰ ਦੇ ਲੋਕ ਵਿਕਾਸ ਲਈ ਵੋਟ ਕਰਨਗੇ। ਵਿਕਾਸ ਲਈ ਕੰਮ ਕਰਨ ਵਾਲੇ ਨੂੰ ਹੀ ਵੋਟਾਂ ਮਿਲਣਗੀਆਂ। ਵੋਟਿੰਗ ਨੂੰ ਲੈ ਕੇ ਨੇਤਾਵਾਂ ਵਿਚ ਵੀ ਉਤਸ਼ਾਹ ਦੇਖਿਆ ਗਿਆ।

 

ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਮਹਾਤਮਾ ਗਾਂਧੀ ਰੈਜ਼ੀਡੈਂਸੀ ਸੀ ਸਕੀਮ ਬੂਥ 'ਤੇ ਆਪਣੀ ਵੋਟ ਪਾਈ। ਕੇਂਦਰੀ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਪਚਪਦਰਾ ਵਿਧਾਨ ਸਭਾ 'ਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਬਾਲੋਤਰਾ ਵਿਖੇ ਆਪਣੀ ਵੋਟ ਪਾਈ। ਜੈਪੁਰ ਦੇ ਵਿਦਿਆਧਰ ਨਗਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਦੀਆ ਕੁਮਾਰੀ ਨੇ ਸਵੇਰੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣੀ ਚਾਹੀਦੀ ਹੈ। ਰਾਜਸਮੰਦ ਦੇ ਸੰਸਦ ਮੈਂਬਰ ਨੇ ਪੱਤਰਕਾਰਾਂ ਨੂੰ ਕਿਹਾ,''ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ ਅਤੇ ਸਾਰੇ ਵੋਟਰਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।'' ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਭਾਜਪਾ ਨੂੰ ਹੀ ਜਨਾਦੇਸ਼ ਮਿਲੇਗਾ। ਸੂਬੇ ਦੇ ਉੱਚ ਅਧਿਕਾਰੀ ਵੀ ਵੋਟਾਂ ਪਾਉਣ ਲਈ ਸਵੇਰੇ ਹੀ ਪਹੁੰਚ ਗਏ। ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਆਪਣੀ ਵੋਟ ਪਾਉਣ ਲਈ ਜੈਪੁਰ ਦੇ ਗਾਂਧੀ ਨਗਰ ਸਥਿਤ ਪੋਲਿੰਗ ਬੂਥ 'ਤੇ ਪਹੁੰਚੇ। ਗੁਪਤਾ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਰਾਜਸਥਾਨ 'ਚ 16ਵੀਂ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਸੂਬੇ ਦੀਆਂ 199 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ ਜਿੱਥੇ 5.25 ਕਰੋੜ ਤੋਂ ਵੱਧ ਵੋਟਰ 1862 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਕਿਹਾ,“ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News