ਮਾਦਾ ਟਾਈਗਰ ਨੂੰ ਦੇਖ ''ਹੈਵਾਨ'' ਬਣੇ ਲੋਕ, ਕਰ''ਤਾ ਇਹ ਘਿਨਾਉਣਾ ਕੰਮ

Sunday, Nov 24, 2024 - 11:19 PM (IST)

ਨੈਸ਼ਨਲ ਡੈਸਕ - ਮਾਦਾ ਟਾਈਗਰ ਜੰਗਲ 'ਚੋਂ ਬਾਹਰ ਕੀ ਆਈ ਉਸ ਨੂੰ ਦੇਖ ਲੋਕ ਹੈਰਾਨ ਰਹਿ ਗਏ। ਮਾਦਾ ਟਾਈਗਰ ਅੰਨ੍ਹੀ ਹੋ ਗਈ ਅਤੇ ਹੁਣ ਡਾਕਟਰਾਂ ਨੂੰ ਇਹ ਡਰ ਹੈ ਕਿ ਉਸਦੀ ਜ਼ਿੰਦਗੀ ਕਿਤੇ ਨਰਕ ਨਾ ਬਣ ਜਾਵੇ। ਮਾਮਲਾ ਆਸਾਮ ਦਾ ਹੈ, ਇੱਥੇ ਨਗਾਓਂ ਜ਼ਿਲੇ ਦੇ ਕਾਮਾਖਿਆ ਰਿਜ਼ਰਵ ਫੋਰੈਸਟ 'ਚੋਂ ਇਕ ਮਾਦਾ ਟਾਈਗਰ ਨਿਕਲ ਕੇ ਪਿੰਡ 'ਚ ਆ ਗਈ। ਤਿੰਨ ਸਾਲਾ ਰਾਇਲ ਬੰਗਾਲ ਟਾਈਗਰਸ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ, ਇਸ ਹਮਲੇ 'ਚ ਮਾਦਾ ਟਾਈਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

ਰਿਪੋਰਟ ਦੇ ਅਨੁਸਾਰ, ਪਿੰਡ ਵਾਸੀਆਂ ਦੇ ਹਮਲੇ ਵਿੱਚ ਮਾਦਾ ਟਾਈਗਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਲਗਭਗ ਅੰਨ੍ਹੀ ਹੋ ਗਈ, ਹੁਣ ਪਸ਼ੂਆਂ ਦੇ ਡਾਕਟਰਾਂ ਨੂੰ ਡਰ ਹੈ ਕਿ ਮਾਦਾ ਟਾਈਗਰ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਕੈਦ ਵਿੱਚ ਬਿਤਾਉਣੀ ਪੈ ਸਕਦੀ ਹੈ। ਪਿੰਡ ਵਾਸੀਆਂ ਨੇ ਮਾਦਾ ਟਾਈਗਰ 'ਤੇ ਪੱਥਰਾਂ ਅਤੇ ਡੰਡਿਆਂ ਨਾਲ ਇਸ ਹੱਦ ਤੱਕ ਹਮਲਾ ਕੀਤਾ ਕਿ ਉਸ ਨੇ ਬਚਣ ਲਈ ਨਦੀ 'ਚ ਛਾਲ ਮਾਰ ਦਿੱਤੀ।

ਹਾਲਾਂਕਿ, ਇਸ ਵਹਿਸ਼ੀ ਹਮਲੇ ਵਿੱਚ, ਮਾਦਾ ਟਾਈਗਰ ਕਿਸੇ ਤਰ੍ਹਾਂ ਬਚ ਗਈ ਅਤੇ 17 ਘੰਟਿਆਂ ਬਾਅਦ ਜੰਗਲਾਤ ਕਰਮਚਾਰੀਆਂ ਨੇ ਉਸ ਨੂੰ ਬਚਾ ਲਿਆ। ਐਮਰਜੈਂਸੀ ਵਿੱਚ, ਉਸ ਨੂੰ ਇਲਾਜ ਲਈ ਕਾਜ਼ੀਰੰਗਾ ਵਿੱਚ ਜੰਗਲੀ ਜੀਵ ਮੁੜ ਵਸੇਬਾ ਅਤੇ ਸੰਭਾਲ ਕੇਂਦਰ (ਸੀ.ਡਬਲਿਊ.ਆਰ.ਸੀ.) ਲਿਜਾਇਆ ਗਿਆ। ਸੀ.ਡਬਲਿਊ.ਆਰ.ਸੀ. ਦੇ ਇੰਚਾਰਜ ਡਾਕਟਰ ਭਾਸਕਰ ਚੌਧਰੀ ਨੇ ਦੱਸਿਆ ਕਿ ਮਾਦਾ ਟਾਈਗਰ ਦੀਆਂ ਦੋਵੇਂ ਅੱਖਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਲੱਗਦਾ ਹੈ ਕਿ ਖੱਬੀ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਉਸ ਦੇ ਸਿਰ ਅਤੇ ਅੰਦਰੂਨੀ ਅੰਗਾਂ 'ਤੇ ਵੀ ਸੱਟਾਂ ਲੱਗੀਆਂ ਹਨ।

ਡਾ.ਚੌਧਰੀ ਨੇ ਇਹ ਵੀ ਕਿਹਾ ਕਿ ਜੇਕਰ ਅੱਖ ਦੀ ਸੱਟ ਠੀਕ ਨਾ ਹੋਈ ਤਾਂ ਜਾਨਵਰ ਨੂੰ ਵਾਪਸ ਜੰਗਲ ਵਿੱਚ ਛੱਡਣਾ ਅਸੰਭਵ ਹੋ ਜਾਵੇਗਾ। ਜਿੱਥੇ ਇੱਕ ਪਾਸੇ ਮਾਦਾ ਟਾਈਗਰ ਦਾ ਇਲਾਜ ਚੱਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੁਲਸ ਨੇ ਮਾਦਾ ਟਾਈਗਰ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਾਦਾ ਟਾਈਗਰ ਨੂੰ ਜ਼ਖਮੀ ਕਰਨ ਵਾਲੇ ਗਰੁੱਪ ਦਾ ਹਿੱਸਾ ਸਨ। ਦੱਸਿਆ ਜਾ ਰਿਹਾ ਹੈ ਕਿ ਜੁਲਾਈ 'ਚ ਆਏ ਹੜ੍ਹ ਤੋਂ ਬਾਅਦ ਜੰਗਲੀ ਜਾਨਵਰ ਲਗਾਤਾਰ ਪੇਂਡੂ ਖੇਤਰਾਂ ਵੱਲ ਵਧ ਰਹੇ ਹਨ। ਇਸ ਬਾਘ ਨੂੰ ਦੇਖ ਕੇ ਲੋਕ ਡਰ ਗਏ, ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਜਾਂ ਉਨ੍ਹਾਂ ਦੇ ਪਸ਼ੂਆਂ ਨੂੰ ਕੋਈ ਖਤਰਾ ਨਹੀਂ ਸੀ। ਰੇਂਜਰ ਬਿਭੂਤੀ ਮਜੂਮਦਾਰ ਮੁਤਾਬਕ ਹੜ੍ਹ ਤੋਂ ਬਾਅਦ ਤੋਂ ਹੀ ਰਿਹਾਇਸ਼ੀ ਇਲਾਕਿਆਂ ਵੱਲ ਅਵਾਰਾ ਟਾਈਗਰਾਂ ਦੀ ਆਵਾਜਾਈ ਵਧ ਗਈ ਹੈ, ਜਿਸ ਕਾਰਨ ਤਣਾਅ ਵਧ ਗਿਆ ਹੈ।


Inder Prajapati

Content Editor

Related News