ਅਗਨੀਪਥ ਯੋਜਨਾ ਦਾ ਸਿਆਸੀਕਰਨ ਕਰ ਰਹੇ ਹਨ ਲੋਕ: PM ਮੋਦੀ
Friday, Jul 26, 2024 - 04:41 PM (IST)
ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ 'ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੁਝ ਲੋਕ ਅਗਨੀਪਥ ਯੋਜਨਾ ਦੇ ਮੁੱਦੇ 'ਤੇ ਸਿਆਸੀਕਰਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਲੱਦਾਖ ਦੇ ਦਰਾਸ 'ਚ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਰੱਖਿਆ ਖੇਤਰ ਵਿਚ ਲਗਾਤਾਰ ਸੁਧਾਰ ਹੋ ਰਹੇ ਹਨ ਅਤੇ ਅਗਨੀਪਥ ਯੋਜਨਾ ਉਨ੍ਹਾਂ ਵਿਚੋਂ ਇਕ ਮਹੱਤਵਪੂਰਨ ਸੁਧਾਰ ਹੈ। ਉਨ੍ਹਾਂ ਨੇ ਇਸ ਯੋਜਨਾ ਦੇ ਸਿਆਸੀਕਰਨ 'ਤੇ ਦੁਖ ਜਤਾਉਂਦੇ ਕਿਹਾ ਕਿ ਇਸ ਦਾ ਉਦੇਸ਼ ਫ਼ੌਜ ਨੂੰ ਨੌਜਵਾਨ ਅਤੇ ਜੰਗ ਲਈ ਲਗਾਤਾਰ ਤਿਆਰ ਰੱਖਣਾ ਹੈ।
ਅਗਨੀਪਥ ਯੋਜਨਾ ਨੂੰ ਪੈਨਸ਼ਨ ਦੇ ਬੋਝ ਤੋਂ ਬਚਾਉਣ ਦਾ ਸਾਧਨ ਦੱਸਣ ਵਾਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੱਜ ਭਰਤੀ ਹੋਣ ਵਾਲੇ ਫ਼ੌਜੀਆਂ ਦਾ ਪੈਨਸ਼ਨ ਬੋਝ 30 ਸਾਲ ਬਾਅਦ ਆਵੇਗਾ, ਇਸ ਲਈ ਇਹ ਯੋਜਨਾ ਦੇ ਪਿੱਛੇ ਦਾ ਕਾਰਨ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਵਲੋਂ ਲਏ ਗਏ ਇਸ ਫ਼ੈਸਲੇ ਦਾ ਸਨਮਾਨ ਕੀਤਾ ਹੈ, ਕਿਉਂਕਿ ਸਾਡੇ ਲਈ ਦੇਸ਼ ਦੀ ਸੁਰੱਖਿਆ ਸਿਆਸਤ ਤੋਂ ਵੱਧ ਮਹੱਤਵਪੂਰਨ ਹੈ। ਸੱਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਸਮਰੱਥ ਨੌਜਵਾਨ ਵੀ ਮਿਲਣਗੇ।