ਆਰ. ਐੱਸ. ਐੱਸ. ਦੀ 100 ਵਰ੍ਹਿਆਂ ਦੀ ਯਾਤਰਾ ਦੇ ਪਿੱਛੇ ਲੋਕਾਂ ਦਾ ਪਿਆਰ ਤੇ ਸਮਰਥਨ : ਹੋਸਬੋਲੇ
Wednesday, Oct 01, 2025 - 09:46 PM (IST)

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਕਾਰੇਵਾਹ ਦੱਤਾਤ੍ਰੇਯ ਹੋਸਬੋਲੇ ਨੇ ਬੁੱਧਵਾਰ ਨੂੰ ਕਿਹਾ ਕਿ ਆਰ. ਐੱਸ. ਐੱਸ. ਨੇ ਪਿਛਲੇ 100 ਵਰ੍ਹਿਆਂ ਤੋਂ ਵਿਰੋਧ ਦੇ ਬਾਵਜੂਦ, ਜਨਤਾ ਦੇ ਪਿਆਰ ਤੇ ਸਮਰਥਨ ਕਾਰਨ ਸਭ ਤੋਂ ਵੱਡਾ ਸਵੈ-ਸੇਵੀ ਸੰਗਠਨ ਬਣਨ ਦੀ ਕੋਸ਼ਿਸ਼ ਕੀਤੀ ਹੈ। ਹੋਸਬੋਲੇ ਦੀਆਂ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਰ. ਐੱਸ. ਐੱਸ. ਦੀ ਸ਼ਤਾਬਦੀ ਮੌਕੇ ਇਕ ਯਾਦਗਾਰੀ ਡਾਕ ਟਿਕਟ ਅਤੇ ਇਕ ਸਿੱਕਾ ਜਾਰੀ ਕਰਨ ਤੋਂ ਕੁਝ ਮਿੰਟ ਪਹਿਲਾਂ ਆਈਆਂ।
ਉਨ੍ਹਾਂ ਨੇ ਇਸ ਕਦਮ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਘ ਦੇ ‘ਨਿਰਸਵਾਰਥ’ ਕੰਮਾਂ ਨੂੰ ਮਾਨਤਾ ਪ੍ਰਦਾਨ ਕਰਨ ਦੇ ਬਰਾਬਰ ਹੈ। ਹੋਸਬੋਲੇ ਨੇ ਕਿਹਾ ਕਿ ਸੰਘ ਅਤੇ ਉਸਦੇ ਸਵੈਮ-ਸੇਵਕ 1925 ਵਿਚ ਵਿਜੇਦਸ਼ਮੀ ਮੌਕੇ ਡਾ. ਕੇਸ਼ਵ ਬਲੀਰਾਮ ਹੇਜਗੇਵਾਰ ਵੱਲੋਂ ਇਸਦੀ ਸਥਾਪਨਾ ਕੀਤੇ ਜਾਣ ਤੋਂ ਬਾਅਦ ਤੋਂ ਹੀ ਵਿਅਕਤੀਆਂ ਦੇ ਚਰਿੱਤਰ ਨਿਰਮਾਣ ਰਾਹੀਂ ਰਾਸ਼ਟਰ ਨਿਰਮਾਣ ਦੇ ਆਪਣੇ ਮਿਸ਼ਨ ’ਤੇ ਬਿਨਾਂ ਕਿਸੇ ਸਵਾਰਥ ਦੇ ਕੰਮ ਕਰ ਰਹੇ ਹਨ। ਉਹ ਕੇਂਦਰੀ ਸੱਭਿਆਚਾਰ ਮੰਤਰਾਲਾ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਆਰ. ਐੱਸ. ਐੱਸ. ਦੇ ਦੂਜੇ ਨੰਬਰ ਦੇ ਅਹੁਦੇਦਾਰ ਨੇ ਕਿਹਾ ਕਿ ਇਹ ਸੰਘ ਦੇ ਸਵੈਮ-ਸੇਵਕਾਂ ਅਤੇ ਦੇਸ਼ ਭਗਤਾਂ ਲਈ ਖੁਸ਼ੀ ਦੀ ਗੱਲ ਹੈ... ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਇਸ ਵਿਸ਼ੇਸ਼ ਮੌਕੇ ’ਤੇ ਇਕ ਡਾਕ ਟਿਕਟ ਅਤੇ ਇਕ ਸਿੱਕਾ ਜਾਰੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਰਹਿਣ ਵਾਲੇ ਸਵੈਮ-ਸੇਵਕਾਂ ਸਮੇਤ ਸਾਰੇ ਸਵੈਮ-ਸੇਵਕਾਂ ਵੱਲੋਂ, ਮੈਂ ਇਸਦੇ ਲਈ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦਾ ਹਾਂ। ਹੋਸਬੋਲੇ ਨੇ ਕਿਹਾ ਕਿ ਰਾਸ਼ਟਰ ਪ੍ਰਤੀ ਯੋਗਦਾਨ ਲਈ ਵਿਅਕਤੀਆਂ ਅਤੇ ਸੰਗਠਨਾਂ ਨੂੰ ਸਨਮਾਨਿਤ ਕਰਨਾ ਭਾਰਤ ਵਿਚ ਇਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਸ ਰਵਾਇਤ ਨੂੰ ਜਾਰੀ ਰੱਖਿਆ ਹੈ। ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਸੰਘ ਦੀ ਸ਼ਤਾਬਦੀ ਦੇ ਮੌਕੇ ਭਾਰਤ ਦੇ ਲੋਕਾਂ ਵੱਲੋਂ ਸੰਘ ਦੇ ਕੰਮਾਂ ਨੂੰ ਮਾਨਤਾ ਦਿੱਤੀ ਗਈ ਹੈ।