''ਪਰਲਜ਼ ਗਰੁੱਪ'' ਦੇ ਮਾਲਕ ਦੀਆਂ ਵਧੀਆਂ ਮੁਸ਼ਕਲਾਂ, ਈ. ਡੀ. ਨੇ ਕੱਸਿਆ ਸ਼ਿਕੰਜਾ

01/09/2018 11:32:37 AM

ਨਵੀਂ ਦਿੱਲੀ (ਏਜੰਸੀ)— ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ. ਏ. ਸੀ. ਐਲ.) ਦੇ ਚਿੱਟ ਫੰਡ ਘੁਟਾਲਾ ਕੇਸ 'ਚ ਜਾਂਚ ਦੇ ਤਹਿਤ  ਆਸਟ੍ਰੇਲੀਆ ਵਿਚਲੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜਿਸ 'ਚ ਸ਼ੇਅਰ ਅਤੇ ਅਚੱਲ ਜਾਇਦਾਦ ਵੀ ਸ਼ਾਮਲ ਹੈ। 
ਈ. ਡੀ. ਨੇ ਦੱਸਿਆ ਕਿ ਹਵਾਲਾ ਰੋਕਥਾਮ ਕਾਨੂੰਨ (ਪੀ. ਐਮ. ਐਲ. ਏ.) ਦੇ ਤਹਿਤ ਆਸਟ੍ਰੇਲੀਆ ਵਿਚਲੀ 472 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਈ. ਡੀ. ਨੇ ਪੀ. ਏ. ਸੀ. ਐਲ. ਦੀ ਚਿੱਟ ਫੰਡ ਸਕੀਮ ਘੁਟਾਲੇ ਦੀ ਜਾਂਚ ਦੇ ਸਬੰਧ 'ਚ ਉਕਤ ਜਾਇਦਾਦ ਜ਼ਬਤ ਕੀਤੀ ਹੈ। ਇਹ ਚਿੱਟ ਫੰਡ ਸਕੀਮ ਨਿਰਮਲ ਸਿੰਘ ਭੰਗੂ ਚਲਾਉਂਦਾ ਸੀ। ਜ਼ਬਤ ਕੀਤੀਆਂ ਗਈਆਂ ਸੰਪਤੀਆਂ 'ਚ ਆਸਟ੍ਰੇਲੀਆ ਵਿਚਲਾ 'ਮੀ ਰਿਜ਼ੋਰਟ ਗਰੁੱਪ-1 ਪ੍ਰਾਈਵੇਟ ਲਿਮਟਿਡ ਅਤੇ ਸੈਂਕਚੁਰੀ ਕੋਵ ਪ੍ਰਾਪਰਟੀਜ਼ ਵੀ ਸ਼ਾਮਲ ਹਨ। 
ਇੱਥੇ ਦੱਸ ਦੇਈਏ ਕਿ ਈ. ਡੀ. ਨੇ 2015 'ਚ ਉਕਤ ਸੰਗਠਨ, ਇਸ ਦੇ ਡਾਇਰੈਕਟਰਾਂ ਅਤੇ ਅਧਿਕਾਰੀਆਂ ਵਿਰੁੱਧ ਸੀ. ਬੀ. ਆਈ. ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. ਦਾ ਨੋਟਿਸ ਲੈਂਦਿਆਂ ਕੰਪਨੀ ਵਿਰੁੱਧ ਇਕ ਅਪਰਾਧਕ ਮਾਮਲਾ ਦਰਜ ਕੀਤਾ ਸੀ। ਸੀ. ਬੀ. ਆਈ. ਦੀ ਐਫ਼. ਆਈ. ਆਰ. 'ਚ ਇਹ ਦੋਸ਼ ਲਗਾਇਆ ਗਿਆ ਸੀ ਕਿ ਪੀ. ਏ. ਸੀ. ਐਲ. ਨੇ ਸਮੂਹਕ ਨਿਵੇਸ਼ ਯੋਜਨਾ ਦੇ ਜ਼ਰੀਏ ਪੂਰੇ ਦੇਸ਼ 'ਚੋਂ ਨਿਵੇਸ਼ਕਾਂ ਤੋਂ ਖੇਤੀ ਭੂਮੀ ਦੀ ਵਿਕਰੀ ਅਤੇ ਵਿਕਾਸ ਦੀ ਆੜ 'ਚ ਪੈਸਾ ਇਕੱਠਾ ਕੀਤਾ। ਪੀ. ਏ. ਸੀ. ਐੱਲ. ਨੇ  2009 ਤੋਂ 2014 ਦਰਮਿਆਨ 43 ਫਰੰਟ ਕੰਪਨੀਆਂ ਦੇ ਜ਼ਰੀਏ ਚਿੱਟ ਫੰਡ ਸਕੀਮ ਚਲਾ ਕੇ ਭਾਰੀ ਰਕਮ ਇਕੱਠੀ ਕੀਤੀ ਅਤੇ ਆਪਣੀ ਸਮੂਹ ਦੀ ਕੰਪਨੀ ਪੀ. ਆਈ. ਪੀ. ਐਲ. 'ਚ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਪੀ. ਆਈ. ਪੀ. ਐੱਲ. ਨੇ ਇਸ ਰਕਮ ਦਾ ਅੱਗੇ ਨਿਵੇਸ਼ ਕੀਤਾ।
ਦੱਸਣਯੋਗ ਹੈ ਕਿ ਸੀ. ਬੀ. ਆਈ. ਅਤੇ ਈ. ਡੀ. ਤੋਂ ਇਲਾਵਾ ਸੇਬੀ ਵੀ ਪੀ. ਏ. ਸੀ. ਐੱਲ. ਦੀ ਜਾਂਚ ਕਰ ਰਿਹਾ ਹੈ। ਬਾਜ਼ਾਰ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਦਾ ਪੈਸਾ ਵਾਪਸ ਮੋੜਨ 'ਚ ਅਸਫ਼ਲ ਰਹਿਣ 'ਤੇ ਪੀ. ਏ. ਸੀ. ਐਲ. ਅਤੇ ਇਸ ਦੇ 9 ਪ੍ਰਮੋਟਰਾਂ ਅਤੇ ਡਾਇਰੈਕਟਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਸੇਬੀ ਦੇ ਪਿਛਲੇ ਹੁਕਮ ਅਨੁਸਾਰ ਪੀ. ਏ. ਸੀ. ਐਲ. ਨੇ ਕਰੀਬ 5 ਕਰੋੜ ਨਿਵੇਸ਼ਕਾਂ ਤੋਂ 49,100 ਕਰੋੜ ਰੁਪਏੇ ਜੁਟਾਏ ਸਨ, ਜਿਨ੍ਹਾਂ ਨੂੰ ਵਾਅਦਾ ਕੀਤੇ ਗਏ ਰਿਟਰਨ, ਵਿਆਜ਼ ਅਦਾਇਗੀ ਨਾਲ ਵਾਪਸ ਕਰਨਾ ਸ਼ਾਮਲ ਹੈ।


Related News