ਸਕੂਨ ਦਾ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਲਾ ਆਓ ਇਸ ਪਿੰਡ ਦਾ ਗੇੜਾ
Monday, Feb 24, 2025 - 03:02 PM (IST)

ਨੈਸ਼ਨਲ ਡੈਸਕ- ਕੀ ਤੁਸੀਂ ਵੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਅੱਕ ਚੁੱਕੇ ਹਨ ਅਤੇ ਕਿਸੇ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਜਿੱਥੇ ਸਕੂਨ ਹੋਵੇ। ਇਕ ਅਜਿਹੀ ਥਾਂ ਜਿੱਥੇ ਤਾਜ਼ਾ ਹਵਾ ਤੁਹਾਨੂੰ ਤਾਜਗੀ ਦਾ ਅਹਿਸਾਸ ਕਰਵਾਵੇ, ਤਾਂ ਟੈਨਸ਼ਨ ਤੋਂ ਹੋ ਜਾਓ ਮੁਕਤ ਅਤੇ ਸਕੂਨ ਦੇ ਪਲ ਬਿਤਾਉਣ ਲਈ ਤੁਸੀਂ ਸਰੋਧਾ-ਦਾਦਰ ਪਿੰਡ ਦਾ ਗੇੜਾ ਲਾ ਆਓ। ਇਹ ਪਿੰਡ ਕਿਸੇ ਜਨੰਤ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਸ਼ਹਿਰ ਦੀ ਜ਼ਿੰਦਗੀ ਅਤੇ ਭੀੜ-ਭੜੱਕੇ ਤੋਂ ਬੋਰ ਹੋ ਗਏ ਹੋ ਅਤੇ ਕੁਝ ਸਮਾਂ ਸ਼ਾਂਤੀ ਨਾਲ ਬਿਤਾਉਣਾ ਚਾਹੁੰਦੇ ਹੋ, ਤਾਂ ਸਰੋਧਾ-ਦਾਦਰ ਪਿੰਡ ਤੁਹਾਡੇ ਲਈ ਸਭ ਤੋਂ ਵਧੀਆ ਸਥਾਨਾਂ 'ਚੋਂ ਇਕ ਹੋ ਸਕਦਾ ਹੈ। ਇੱਥੇ ਆ ਕੇ ਤੁਹਾਨੂੰ ਕੁਦਰਤ ਦੇ ਸਭ ਤੋਂ ਖੂਬਸੂਰਤ ਅਤੇ ਸਕੂਨ ਭਰੇ ਪਲਾਂ ਨੂੰ ਬਿਤਾਉਣ ਦਾ ਮੌਕਾ ਮਿਲੇਗਾ।
ਛੱਤੀਸਗੜ੍ਹ ਦਾ ਹੈ ਇਹ ਖੂਬਸੂਰਤ ਪਿੰਡ
ਛੱਤੀਸਗੜ੍ਹ ਦਾ ਇਹ ਖੂਬਸੂਰਤ ਪਿੰਡ ਆਪਣੀ ਕੁਦਰਤੀ ਸੁੰਦਰਤਾ, ਸ਼ਾਂਤੀ ਅਤੇ ਦਿਲ ਖਿੱਚਵੇਂ ਨਜ਼ਾਰਿਆਂ ਲਈ ਮਸ਼ਹੂਰ ਹੈ ਇੱਥੇ ਆ ਕੇ ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਸਮੇਂ ਦੀ ਰਫ਼ਤਾਰ ਥੰਮ ਜਿਹੀ ਗਈ ਹੈ। ਤੁਸੀਂ ਕੁਦਰਤ ਨੂੰ ਆਪਣੇ ਨਾਲ ਮਹਿਸੂਸ ਕਰੋਗੇ। ਦਰਅਸਲ ਇਹ ਪਿੰਡ ਚਾਰੋਂ ਪਾਸੇ ਸੰਘਣੇ ਜੰਗਲਾਂ ਅਤੇ ਹਰੀ-ਭਰੀਆਂ ਪਹਾੜੀਆਂ ਨਾਲ ਢਕਿਆ ਹੋਇਆ ਹੈ। ਇੱਥੋਂ ਦੀ ਠੰਡੀ ਅਤੇ ਸ਼ੁੱਧ ਹਵਾ ਮਨ ਨੂੰ ਤਰੋ-ਤਾਜ਼ਾ ਕਰ ਦਿੰਦੀ ਹੈ।
ਇਸ ਪਿੰਡ 'ਚ ਸ਼ਹਿਰ ਦੀ ਭੀੜ ਤੋਂ ਦੂਰ ਸ਼ਾਂਤੀ ਦਾ ਅਹਿਸਾਸ
ਅੱਜ-ਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਹਰ ਕੋਈ ਸਕੂਲ ਭਰੀ ਥਾਂ ਲੱਭਦਾ ਹੈ, ਜਿੱਥੇ ਕੁਝ ਪਲ ਖ਼ੁਦ ਨਾਲ ਬਿਤਾਏ ਜਾ ਸਕਣ। ਸਰੋਧਾ-ਦਾਦਰ ਪਿੰਡ ਅਜਿਹੀ ਹੀ ਇਕ ਥਾਂ ਹੈ, ਜਿੱਥੇ ਮੋਬਾਈਲ ਨੈੱਟਵਰਕ ਵੀ ਘੱਟ ਆਉਂਦਾ ਹੈ, ਜਿਸ ਨੂੰ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਖੁਦ ਨੂੰ ਕੁਦਰਤ ਨੇੜੇ ਮਹਿਸੂਸ ਕਰ ਸਕਦੇ ਹੋ।
ਘੁੰਮਣ ਦਾ ਚੰਗਾ ਮੌਕਾ
ਇਹ ਪਿੰਡ ਸਿਰਫ਼ ਸੁੰਦਰਤਾ ਦਾ ਹੀ ਨਹੀਂ ਸਗੋਂ ਸੈਰ-ਸਪਾਟੇ ਲਈ ਵੀ ਬਿਹਤਰੀਨ ਥਾਂ ਹੈ। ਤੁਸੀਂ ਆਲੇ-ਦੁਆਲੇ ਦੇ ਜੰਗਲਾਂ ਵਿਚ ਘੁੰਮ ਸਕਦੇ ਹੋ, ਝਰਨੇ ਦਾ ਆਨੰਦ ਲੈ ਸਕਦੇ ਹੋ ਅਤੇ ਸਥਾਨਕ ਪਿੰਡ ਵਾਸੀਆਂ ਨੂੰ ਮਿਲ ਸਕਦੇ ਹੋ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਸਮਝ ਸਕਦੇ ਹੋ। ਜੇਕਰ ਤੁਸੀਂ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਇੱਥੇ ਦੀ ਖੂਬਸੂਰਤੀ ਤੁਸੀਂ ਕੈਮਰੇ 'ਚ ਕੈਦ ਕਰ ਸਕਦੇ ਹੋ। ਸਰੋਧਾ-ਦਾਦਰ ਪਿੰਡ 'ਚ ਲੋਕ ਬਹੁਤ ਹੀ ਮਿਲਣਸਾਰ ਹਨ।
ਸਰੋਧਾ-ਦਾਦਰ ਪਿੰਡ ਕਿਵੇਂ ਪਹੁੰਚਣਾ ਹੈ?
ਇਹ ਖੂਬਸੂਰਤ ਪਿੰਡ ਛੱਤੀਸਗੜ੍ਹ ਦੇ ਕਬੀਰਧਾਮ 'ਚ ਸਥਿਤ ਹੈ। ਇੱਥੇ ਪਹੁੰਚਣ ਲਈ ਤੁਸੀਂ ਰਾਏਪੁਰ ਤੋਂ ਬੱਸ, ਟੈਕਸੀ ਜਾਂ ਆਪਣੇ ਨਿੱਜੀ ਵਾਹਨ ਰਾਹੀਂ ਆ ਸਕਦੇ ਹੋ। ਰਾਏਪੁਰ ਤੋਂ ਇਸ ਪਿੰਡ ਤੱਕ ਲਗਭਗ 150 ਕਿਲੋਮੀਟਰ ਦੀ ਦੂਰੀ ਹੈ, ਜਿਸ ਨੂੰ ਤੁਸੀਂ ਸੜਕ ਰਾਹੀਂ ਪੂਰਾ ਕਰ ਸਕਦੇ ਹੋ। ਜੇਕਰ ਤੁਸੀਂ ਰੇਲਗੱਡੀ ਰਾਹੀਂ ਆਉਣਾ ਚਾਹੁੰਦੇ ਹੋ, ਤਾਂ ਰਾਏਪੁਰ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕੀ ਪ੍ਰਮੁੱਖ ਸਟੇਸ਼ਨ ਹੈ ਜਿੱਥੋਂ ਤੁਸੀਂ ਪਿੰਡ ਪਹੁੰਚਣ ਲਈ ਬੱਸ ਜਾਂ ਟੈਕਸੀ ਲੈ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਨੂੰ ਸਾਲ 2023 ਵਿਚ ਸਰਵੋਤਮ ਪਿੰਡ ਦਾ ਐਵਾਰਡ ਵੀ ਮਿਲ ਚੁੱਕਾ ਹੈ।