ਕੋਰੋਨਾ ਆਫ਼ਤ ''ਚ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਦੋਹਰੀ ਮਾਰ : ਕੁਮਾਰੀ ਸ਼ੈਲਜਾ
Monday, Jun 29, 2020 - 05:35 PM (IST)

ਕਰਨਾਲ (ਵਾਰਤਾ)— ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਕਿਹਾ ਕਿ ਕੋਰੋਨਾ ਦੀ ਆਫ਼ਤ ਵਿਚ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਸਮਾਜ ਦੇ ਹਰ ਵਰਗ ਵਿਚ ਲੋਕਾਂ ਦੇ ਰੋਜ਼ਗਾਰ ਖੋਹ ਲਏ, ਆਮਦਨ ਵਿਚ ਕਮੀ ਆਈ, ਉੱਥੇ ਹੀ ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਕੁਮਾਰੀ ਸ਼ੈਲਜਾ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕੀਤੇ ਜਾ ਰਹੇ ਵਾਧੇ ਵਿਰੁੱਧ ਪਾਰਟੀ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤਹਿਤ ਇੱਥੇ ਆਯੋਜਿਤ ਕੀਤੇ ਗਏ ਧਰਨੇ 'ਚ ਬੋਲ ਰਹੀ ਸੀ।
ਸ਼ੈਲਜਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਬੇਰੋਜ਼ਗਾਰ ਹੋਏ ਹਨ ਅਤੇ ਇਸ ਮੁਸ਼ਕਲ ਆਰਥਿਕ ਮੰਦੀ ਅਤੇ ਮਹਾਮਾਰੀ 'ਚ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਸ਼ ਵਾਸੀਆਂ ਤੋਂ ਜ਼ਬਰਨ ਵਸੂਲੀ ਕਰ ਰਹੀ ਹੈ। ਕੁਮਾਰੀ ਸ਼ੈਲਜਾ ਨੇ ਕਰਨਾਲ ਦੇ ਸੈਕਟਰ-12 'ਚ ਆਯੋਜਿਤ ਧਰਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਦੌਰਾਨ ਉਹ ਕਾਂਗਰਸ ਦੇ ਹੋਰ ਨੇਤਾਵਾਂ ਨਾਲ ਧਰਨੇ ਵਾਲੀ ਥਾਂ ਤੋਂ ਬੈਲਗੱਡੀ 'ਤੇ ਸਵਾਰ ਹੋ ਕੇ ਛੋਟੇ ਸਕੱਤਰੇਤ ਪਹੁੰਚੀ ਅਤੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਨੇ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ।