ਬਾਬਾ ਰਾਮਦੇਵ ਦੀ ਪਤੰਜਲੀ ਅਤੇ ਫਲਿਪਕਾਰਟ ਦੀਆਂ ਵਧੀਆਂ ਮੁਸ਼ਕਲਾਂ, ਕਾਰਣ ਦੱਸੋ ਨੋਟਿਸ ਹੋਇਆ ਜ਼ਾਰੀ
Wednesday, Oct 14, 2020 - 09:32 AM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਐੱਨ. ਜੀ. ਟੀ. ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਫਲਿਪਕਾਰਟ ਤੇ ਪਤੰਜਲੀ ਦਾ ਕੰਮਕਾਜ ਬੰਦ ਕਰਨ ਸਬੰਧੀ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਹਨ ਕਿਉਂਕਿ ਉਹ ਉਸ ਅਧੀਨ ਰਜਿਸਟਰਡ ਨਹੀਂ ਹਨ। ਦੋਹਾਂ ਕੰਪਨੀਆਂ ਨੇ ਇਸ ਮਾਮਲੇ ਵਿਚ ਉਸ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ।
ਸੀ. ਪੀ. ਸੀ. ਬੀ. ਨੇ ਐੱਨ. ਜੀ. ਟੀ. ਨੂੰ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਸ ਨੇ ਪਲਾਸਟਿਕ ਅਪਸ਼ਿਸ਼ਟ ਪ੍ਰਬੰਧਨ (ਸੋਧ) ਨਿਯਮ 2018 ਦੀਆਂ ਵਿਵਸਥਾਵਾਂ ਦਾ ਪਾਲਣ ਨਾ ਕਰਨ ਕਾਰਣ ਇਨ੍ਹਾਂ ਇਕਾਈਆਂ ਨੂੰ ਕੁਝ ਦਿਨ ਪਹਿਲਾਂ 8 ਅਕਤੂਬਰ ਨੂੰ ਚੌਗਿਰਦਾ (ਸੁਰੱਖਿਆ) ਕਾਨੂੰਨ 1986 ਦੀ ਧਾਰਾ-5 ਅਧੀਨ ਉਨ੍ਹਾਂ ਦਾ ਕੰਮਕਾਜ ਬੰਦ ਕਰਨ ਅਤੇ ਮੁਆਵਜ਼ੇ ਦੇ ਭੁਗਤਾਨ ਸਬੰਧੀ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ।
ਸੀ. ਪੀ. ਸੀ. ਬੀ. ਨੇ ਐੱਨ. ਜੀ. ਟੀ. ਨੂੰ ਦੱਸਿਆ ਕਿ 4 ਕੰਪਨੀਆਂ ਹਿੰਦੋਸਤਾਨ ਕੋਕਾ ਕੋਲਾ ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ, ਪੈਪਸੀਕੋ ਇੰਡੀਆ ਹੋਲਡਿੰਗ ਪ੍ਰਾਈਵੇਟ ਲਿਮਟਿਡ, ਬਿਸਲਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਅਤੇ ਨਰਿਸ਼ਕੋ ਬੇਵਰੇਜਿਜ਼ ਲਿਮਟਿਡ ਸੀ. ਪੀ. ਸੀ. ਬੀ. ਅਧੀਨ ਰਜਿਸਟਰਡ ਹਨ ਪਰ ਉਨ੍ਹਾਂ ਵਿਸਤ੍ਰਿਤ ਨਿਰਮਾਤਾ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਕਾਰਜ ਯੋਜਨਾ 'ਤੇ ਅਮਲ ਕਰਨ ਨਾਲ ਸਬੰਧਤ ਸੂਚਨਾ ਮੁਹੱਈਆ ਨਹੀਂ ਕਰਵਾਈ ਹੈ।