ਲੋਕ ਸਭਾ ’ਚ ਪੇਸ਼ ਹੋਵੇਗਾ ਵਕਫ਼ ਬਿੱਲ, ਵਿਰੋਧੀ ਧਿਰ ਨੇ ਸੰਸਦੀ ਕਮੇਟੀ ਕੋਲ ਭੇਜਣ ਦੀ ਕੀਤੀ ਮੰਗ
Wednesday, Aug 07, 2024 - 10:36 PM (IST)

ਨਵੀਂ ਦਿੱਲੀ, (ਭਾਸ਼ਾ)- ਵਿਰੋਧੀ ਪਾਰਟੀਆਂ ਨੇ ਬੁੱਧਵਾਰ ਸਰਕਾਰ ਨੂੰ ਅਪੀਲ ਕੀਤੀ ਕਿ ਵਕਫ਼ (ਸੋਧ) ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਸੰਸਦ ਦੀ ਸਥਾਈ ਕਮੇਟੀ ਕੋਲ ਵਿਚਾਰ ਲਈ ਭੇਜਿਆ ਜਾਵੇ।
ਦੂਜੇ ਪਾਸੇ ਸਰਕਾਰ ਨੇ ਵਪਾਰ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਕਿਹਾ ਕਿ ਉਹ ਹਾਊਸ ਦੀ ਭਾਵਨਾ ਦਾ ਮੁਲਾਂਕਣ ਕਰਨ ਤੋਂ ਬਾਅਦ ਇਸ ਬਾਰੇ ਫੈਸਲਾ ਲਵੇਗੀ। ਸਰਕਾਰ ਨੇ ਇਹ ਵੀ ਕਿਹਾ ਕਿ ਉਹ ਵੀਰਵਾਰ ਲੋਕ ਸਭਾ ’ਚ ਪੇਸ਼ ਕੀਤੇ ਜਾਣ ਤੋਂ ਬਾਅਦ ਬਿੱਲ ’ਤੇ ਚਰਚਾ ਕਰਨ ਤੇ ਇਸ ਨੂੰ ਪਾਸ ਕਰਨ ’ਤੇ ਜ਼ੋਰ ਨਹੀਂ ਦੇਵੇਗੀ।
ਇਸ ਗੱਲ ਦੀ ਭਾਰੀ ਸੰਭਾਵਨਾ ਹੈ ਕਿ ਸਰਕਾਰ ਇਸ ਬਿੱਲ ਨੂੰ ਸੰਸਦੀ ਕਮੇਟੀ ਕੋਲ ਭੇਜਣ ਲਈ ਸਹਿਮਤ ਹੋ ਸਕਦੀ ਹੈ। ਕੁਝ ਮੁਸਲਿਮ ਸੰਗਠਨ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਸਮਰਥਨ ਕਰਨ ਵਾਲੀਆਂ ਕੁਝ ਪਾਰਟੀਆਂ ਨੇ ਵੀ ਪ੍ਰਸਤਾਵਿਤ ਕਾਨੂੰਨ ਦੇ ਏਜੰਡੇ ’ਤੇ ਇਤਰਾਜ਼ ਪ੍ਰਗਟਾਇਆ ਹੈ।