ਖ਼ੌਫਨਾਕ ਦਿਨ! ਗੋਲੀਆਂ ਨਾਲ ਗੂੰਜਿਆ ਸੀ ਸੰਸਦ ਭਵਨ, ਪੜ੍ਹੋ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ

Wednesday, Dec 13, 2023 - 04:20 PM (IST)

ਨੈਸ਼ਨਲ ਡੈਸਕ- ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਯਾਨੀ ਕਿ ਬੁੱਧਵਾਰ ਨੂੰ 22ਵੀਂ ਬਰਸੀ ਹੈ। ਅੱਤਵਾਦੀਆਂ ਨੇ ਅੱਜ ਦੇ ਦਿਨ 13 ਦਸੰਬਰ 2001 ਨੂੰ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਅੱਜ ਵੀ ਇਸ ਕਾਇਰਾਨਾ ਅੱਤਵਾਦੀ ਹਮਲੇ ਦੀਆਂ ਯਾਦਾਂ ਭਾਰਤੀਆਂ ਦੇ ਦਿਲੋਂ-ਦਿਮਾਗ ਵਿਚ ਤਾਜ਼ਾ ਹਨ। ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਮਹਿਲਾ ਰਾਖਵਾਂਕਰਨ ਬਿੱਲ 'ਤੇ ਸੰਸਦ ਵਿਚ ਹੰਗਾਮਾ ਜਾਰੀ ਸੀ। ਇਸ ਦਿਨ ਬਿੱਲ 'ਤੇ ਚਰਚਾ ਹੋਣੀ ਸੀ ਪਰ ਸੰਸਦ ਦੀ ਕਾਰਵਾਈ ਨੂੰ ਮੁਲਵਤੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਸੰਸਦ ਤੋਂ ਜਾ ਚੁੱਕੇ ਸਨ। ਉਦੋਂ ਦੇ ਉਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਦਾ ਕਾਫ਼ਿਲਾ ਵੀ ਨਿਕਲਣ ਵਾਲਾ ਸੀ। ਸੰਸਦ ਮੁਲਤਵੀ ਹੋਣ ਮਗਰੋਂ ਗੇਟ ਨੰਬਰ-12 'ਤੇ ਸਫੈਦ ਰੰਗ ਦੀਆਂ ਗੱਡੀਆਂ ਦਾ ਤਾਂਤਾ ਲੱਗ ਗਿਆ। 

ਇਹ ਵੀ ਪੜ੍ਹੋ-  ਸੰਸਦ ਹਮਲੇ ਦੀ 22ਵੀਂ ਬਰਸੀ 'ਤੇ PM ਮੋਦੀ ਬੋਲੇ- ਸ਼ਹੀਦਾਂ ਦਾ ਬਲੀਦਾਨ ਹਮੇਸ਼ਾ ਯਾਦ ਰਹੇਗਾ

ਇਸ ਸਮੇਂ ਤੱਕ ਸਭ ਕੁਝ ਠੀਕ ਸੀ ਪਰ ਚੰਦ ਮਿੰਟਾਂ 'ਚ ਸੰਸਦ 'ਚ ਜੋ ਹੋਇਆ, ਉਸ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਅਤੇ ਨਾ ਹੀ ਕਲਪਨਾ ਕੀਤੀ ਸੀ। ਕਰੀਬ ਸਾਢੇ 11 ਵਜੇ ਉਪ ਰਾਸ਼ਟਰਪਤੀ ਦੇ ਸਕਿਓਰਿਟੀ ਗਾਰਡ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਸਨ ਅਤੇ ਸਫੈਦ ਰੰਗ ਦੀ ਅੰਬੈਸਡਰ ਕਾਰ ਵਿਚ ਸਵਾਰ ਹੋ ਕੇ ਆਏ 5 ਅੱਤਵਾਦੀ ਗੇਟ ਨੰਬਰ-12 ਤੋਂ ਸੰਸਦ ਦੇ ਅੰਦਰ ਦਾਖ਼ਲ ਹੋ ਗਏ। ਉਸ ਸਮੇਂ ਸਕਿਓਰਿਟੀ ਗਾਰਡ ਨਿਹੱਥੇ ਸਨ। ਇਹ ਸਭ ਵੇਖ ਕੇ ਸਕਿਓਰਿਟੀ ਗਾਰਡ ਨੇ ਉਸ ਅੰਬੈਸਡਰ ਕਾਰ ਦੇ ਪਿੱਛੇ ਦੌੜ ਲਾ ਦਿੱਤੀ। ਅੱਤਵਾਦੀਆਂ ਦੀ ਕਾਰ ਉਪ ਰਾਸ਼ਟਰਪਤੀ ਨਾਲ ਟਕਰਾ ਗਈ। ਬਸ ਫਿਰ ਕੀ ਸੀ, ਘਬਰਾ ਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਕੋਲ ਏ. ਕੇ. 47 ਅਤੇ ਹੈਂਡ ਗ੍ਰਨੇਡ ਸਨ। 

ਇਹ ਵੀ ਪੜ੍ਹੋ- ਸੰਸਦ 'ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਅੱਜ, PM ਮੋਦੀ-ਉਪ ਰਾਸ਼ਟਰਪਤੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਸੰਸਦ ਭਵਨ 'ਚ CRPF ਦੀ ਇਕ ਬਟਾਲੀਅਨ ਮੌਜੂਦ ਰਹਿੰਦੀ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਬਟਾਲੀਅਨ ਅਲਰਟ ਹੋ ਗਈ। CRPF  ਦੇ ਜਵਾਨ ਦੌੜ ਕੇ ਆਏ। ਉਸ ਸਮੇਂ ਸਦਨ ਵਿਚ ਦੇਸ਼ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਵੱਡੇ ਨੇਤਾ ਅਤੇ ਪੱਤਰਕਾਰ ਮੌਜੂਦ ਸਨ। ਸਾਰਿਆਂ ਨੂੰ ਸੰਸਦ ਦੇ ਅੰਦਰ ਹੀ ਸੁਰੱਖਿਅਤ ਰਹਿਣ ਨੂੰ ਕਿਹਾ ਗਿਆ। ਇਸ ਦਰਮਿਆਨ ਇਕ ਅੱਤਵਾਦੀ ਨੇ ਗੇਟ ਨੰਬਰ-1 ਤੋਂ ਸਦਨ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਉੱਥੇ ਹੀ ਮਾਰ ਡਿਗਾਇਆ। ਇਸ ਤੋਂ ਬਾਅਦ ਉਸ ਦੇ ਸਰੀਰ 'ਤੇ ਲੱਗੇ ਬੰਬ ਵਿਚ ਧਮਾਕਾ ਹੋ ਗਿਆ। ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ 11.30 ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ਾਮ 4 ਵਜੇ ਖ਼ਤਮ ਹੋਇਆ। 

ਇਹ ਵੀ ਪੜ੍ਹੋ- ਸੰਸਦ 'ਚ ਉਠੀ ਮੰਗ, ਪੂਰੇ ਦੇਸ਼ 'ਚ 500 ਰੁਪਏ 'ਚ ਮਿਲੇ ਰਸੋਈ ਗੈਸ ਸਿਲੰਡਰ

5 ਅੱਤਵਾਦੀ ਤਾਂ ਮਰ ਗਏ ਪਰ ਸੰਸਦ ਹਮਲੇ ਦੀ ਸਾਜ਼ਿਸ਼ ਰੱਚਣ ਵਾਲੇ ਬਚ ਗਏ ਸਨ। ਸੰਸਦ ਹਮਲੇ ਦੇ ਦੋ ਦਿਨ ਬਾਅਦ ਹੀ 15 ਦਸੰਬਰ 2001 ਨੂੰ ਅਫਜ਼ਲ ਗੁਰੂ, ਗਿਲਾਨੀ, ਅਫਸ਼ਾਨ ਗੁਰੂ ਅਤੇ ਸ਼ੌਕਤ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿਚ ਸੁਪਰੀਮ ਕੋਰਟ ਨੇ ਗਿਲਾਨੀ ਅਤੇ ਅਫਸ਼ਾਨ ਨੂੰ ਬਰੀ ਕਰ ਦਿੱਤਾ ਪਰ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਸ਼ੌਕਤ ਹੁਸੈਨ ਦੀ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ ਗਿਆ ਅਤੇ 10 ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ। 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਵੇਰੇ 8 ਵਜੇ ਫਾਂਸੀ ਦੇ ਦਿੱਤੀ ਗਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News