ਸੰਸਦ ਅਣਮਿੱਥੇ ਸਮੇਂ ਲਈ ਮੁਲਤਵੀ, ਦੋਹਾਂ ਸਦਨਾਂ ''ਚ ਛਾਇਆ ਰਿਹਾ ਚੀਨ ਦਾ ਮੁੱਦਾ
Friday, Dec 23, 2022 - 05:10 PM (IST)
ਨਵੀਂ ਦਿੱਲੀ (ਵਾਰਤਾ)- ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸੈਸ਼ਨ ਦੌਰਾਨ ਸਰਹੱਦ 'ਤੇ ਚੀਨ ਦੇ ਕਬਜ਼ੇ ਦਾ ਮੁੱਦਾ ਲੋਕ ਸਭਾ ਅਤੇ ਰਾਜ ਸਭਾ ਦੇ ਦੋਵਾਂ ਸਦਨਾਂ 'ਚ ਹਾਵੀ ਰਿਹਾ ਅਤੇ ਕਾਂਗਰਸ ਦੇ ਮੈਂਬਰਾਂ ਨੇ ਇਸ 'ਤੇ ਕਈ ਵਾਰ ਵਾਕਆਊਟ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਵੱਖ-ਵੱਖ ਐਲਾਨ ਕੀਤਾ। ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ 17 ਦਿਨਾਂ 'ਚ ਕੁੱਲ 13 ਮੀਟਿੰਗਾਂ ਕੀਤੀਆਂ ਗਈਆਂ। ਸੰਸਦ ਦੀ ਕਾਰਵਾਈ ਤੈਅ ਸਮੇਂ ਤੋਂ 6 ਦਿਨ ਜਾਂ ਚਾਰ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਹ ਸੈਸ਼ਨ 29 ਦਸੰਬਰ ਤੱਕ ਦਾ ਪ੍ਰਸਤਾਵਿਤ ਸੀ। ਧਨਖੜ ਦੀ ਪ੍ਰਧਾਨਗੀ ਹੇਠ ਰਾਜ ਸਭਾ ਦਾ ਇਹ ਪਹਿਲਾ ਸੈਸ਼ਨ ਸੀ। ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਚੀਨੀ ਫ਼ੌਜੀਆਂ ਵੱਲੋਂ ਕੀਤੇ ਗਏ ਕਬਜ਼ੇ ਦੇ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਦੋਵਾਂ ਸਦਨਾਂ 'ਚ ਹੰਗਾਮਾ ਕੀਤਾ ਜੋ ਆਖ਼ਰੀ ਦਿਨ ਤੱਕ ਜਾਰੀ ਰਿਹਾ।
ਸਰਦ ਰੁੱਤ ਸੈਸ਼ਨ 'ਚ 17ਵੀਂ ਲੋਕ ਸਭਾ ਦੇ 10ਵੇਂ ਸੈਸ਼ਨ ਦੀ ਕਾਰਵਾਈ ਦਾ ਵੇਰਵਾ ਦਿੰਦਿਆਂ ਬਿਰਲਾ ਨੇ ਕਿਹਾ ਕਿ ਸਦਨ ਦੀ ਕਾਰਜਸ਼ੀਲਤਾ 97 ਫੀਸਦੀ ਰਹੀ। ਇਸ ਸੈਸ਼ਨ 'ਚ ਸਮਾਜਵਾਦੀ ਪਾਰਟੀ ਦੀ ਨਵੀਂ ਮੈਂਬਰ ਡਿੰਪਲ ਯਾਦਵ ਨੇ ਮੈਂਬਰਸ਼ਿਪ ਦੀ ਸਹੁੰ ਚੁੱਕੀ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ 'ਚ ਕੁੱਲ 13 ਮੀਟਿੰਗਾਂ ਹੋਈਆਂ, ਜੋ ਕਿ 68 ਘੰਟੇ 42 ਮਿੰਟ ਚੱਲੀਆਂ। ਇਸ ਸੈਸ਼ਨ 'ਚ ਮਹੱਤਵਪੂਰਨ ਵਿੱਤੀ ਅਤੇ ਵਿਧਾਨਕ ਕੰਮਕਾਜ ਦਾ ਨਿਪਟਾਰਾ ਕੀਤਾ ਗਿਆ। ਸਾਲ 2022-23 ਲਈ ਗਰਾਂਟਾਂ-ਪਹਿਲੇ ਬੈਚ ਲਈ ਪੂਰਕ ਮੰਗਾਂ ਅਤੇ ਸਾਲ 2019-2020 ਲਈ ਵਾਧੂ ਗ੍ਰਾਂਟਾਂ ਦੀਆਂ ਮੰਗਾਂ 'ਤੇ ਚਰਚਾ 10 ਘੰਟੇ 53 ਮਿੰਟ ਤੱਕ ਚੱਲੀ।
ਰਾਜ ਸਭਾ ਦੇ 258ਵੇਂ ਸੈਸ਼ਨ ਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਧਨਖੜ ਨੇ ਕਿਹਾ ਕਿ ਇਸ ਸੈਸ਼ਨ 'ਚ ਕੁੱਲ 9 ਬਿੱਲ ਪਾਸ ਕੀਤੇ ਗਏ, ਜਿਨ੍ਹਾਂ 'ਚ 160 ਮੈਂਬਰਾਂ ਨੇ ਚਰਚਾ 'ਚ ਹਿੱਸਾ ਲਿਆ। ਸੈਸ਼ਨ 'ਚ ਪ੍ਰਸ਼ਨ ਕਾਲ ਚੱਲਿਆ ਅਤੇ ਸਿਫ਼ਰ ਕਾਲ ਦੌਰਾਨ 106 ਮਾਮਲੇ ਉਠਾਏ ਗਏ। ਜਲਵਾਯੂ ਪਰਿਵਰਤਨ 'ਤੇ ਤਿੰਨ ਘੰਟੇ ਦੀ ਛੋਟੀ ਮਿਆਦ ਦੀ ਚਰਚਾ ਵੀ ਹੋਈ। ਇਕ ਘੰਟਾ 45 ਮਿੰਟ ਤੱਕ ਸੈਸ਼ਨ 'ਚ ਹੰਗਾਮਾ ਹੋਇਆ। ਸਪੀਕਰ ਨੇ ਕਿਹਾ ਕਿ ਉਹ ਲੋਕ ਸਭਾ ਅਤੇ ਰਾਜ ਸਭਾ ਦੇ 130 ਮੈਂਬਰਾਂ ਨੂੰ ਆਪਣੇ ਚੈਂਬਰ 'ਚ ਮਿਲੇ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਦੱਸਿਆ ਕਿ ਸਦਨ ਦੀਆਂ ਕੁੱਲ 13 ਬੈਠਕਾਂ ਦੌਰਾਨ 64 ਘੰਟੇ 50 ਮਿੰਟ ਕੰਮ ਚੱਲਿਆ ਜਦੋਂ ਕਿ ਨਿਰਧਾਰਤ ਸਮਾਂ 63 ਘੰਟੇ 26 ਮਿੰਟ ਸੀ।