ਨਮਾਜ਼ ਤੋਂ ਬਾਅਦ ਹੁਣ ਪਾਰਕ 'ਚ ਭਾਗਵਤ ਕਥਾ 'ਤੇ ਲੱਗੀ ਰੋਕ
Thursday, Dec 27, 2018 - 10:10 AM (IST)

ਗ੍ਰੇਟਰ ਨੋਇਡਾ— ਜ਼ਿਲੇ 'ਚ ਜਨਤਕ ਸਥਾਨ 'ਤੇ ਬਿਨਾਂ ਮਨਜ਼ੂਰੀ ਧਾਰਮਿਕ ਆਯੋਜਨਾਂ ਦੇ ਖਿਲਾਫ ਸਖਤੀ ਦਾ ਸਿਲਸਿਲਾ ਜਾਰੀ ਹੈ। ਨੋਇਡਾ 'ਚ ਅਥਾਰਟੀ ਦੇ ਪਾਰਕ 'ਚ ਨਮਾਜ਼ 'ਤੇ ਰੋਕ ਤੋਂ ਬਾਅਦ ਗ੍ਰੇਟਰ ਨੋਇਡਾ 'ਚ ਬੁੱਧਵਾਰ ਨੂੰ ਅਧਿਕਾਰੀਆਂ ਨੇ ਸੈਕਟਰ-37 'ਚ ਬਿਨਾਂ ਮਨਜ਼ੂਰੀ ਲਏ ਅਥਾਰਟੀ ਦੀ ਜ਼ਮੀਨ 'ਤੇ ਭਾਗਵਤ ਕਥਾ ਕਰਵਾਉਣ ਵਾਲਿਆਂ ਨੂੰ ਰੋਕ ਦਿੱਤਾ। ਸੈਕਟਰ ਦੇ ਆਰ.ਡਬਲਿਊ.ਏ. ਨੇ ਇਸ ਮਾਮਲੇ 'ਚ ਆਯੋਜਨ ਨੂੰ ਰੁਕਵਾਉਣ ਦੀ ਮੰਗ ਕੀਤੀ ਸੀ। ਨਾਲ ਹੀ ਅਥਾਰਟੀ ਦੇ ਸੀ.ਈ.ਓ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੋਇਡਾ ਦੇ ਸੈਕਟਰ-58 ਸਥਿਤ ਪਾਰਕ 'ਚ ਬਿਨਾਂ ਮਨਜ਼ੂਰੀ ਲਈ ਹੋਣ ਵਾਲੀ ਨਮਾਜ਼ 'ਤੇ ਰੋਕ ਤੋਂ ਬਾਅਦ ਕਾਫੀ ਹੰਗਾਮਾ ਹੋ ਰਿਹਾ ਹੈ। ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਦੌਰਾਨ ਬੁੱਧਵਾਰ ਨੂੰ ਗ੍ਰੇਟਰ ਨੋਇਡਾ ਦੇ ਸੈਕਟਰ-37 'ਚ ਵੀ ਅਥਾਰਟੀ ਦੀ ਖਾਲੀ ਜ਼ਮੀਨ 'ਤੇ ਕੁਝ ਲੋਕਾਂ ਨੇ ਬਿਨਾਂ ਮਨਜ਼ੂਰੀ ਦੇ ਭਾਗਵਤ ਕਥਾ ਲਈ ਟੈਂਟ ਲਗਾ ਦਿੱਤਾ। ਇੱਥੇ ਮਿਊਜ਼ਿਕ ਸਿਸਟਮ ਅਤੇ ਮਾਈਕ ਲੱਗਾ ਦਿੱਤੇ ਗਏ।
ਅਥਾਰਟੀ ਦੀ ਟੀਮ ਨੇ ਬੁੱਧਵਾਰ ਸਵੇਰੇ ਟੈਂਟ ਨੂੰ ਹਟਾ ਦਿੱਤਾ। ਆਯੋਜਨ ਕਮੇਟੀ 'ਚ ਸ਼ਾਮਲ ਔਰਤਾਂ ਨਾਲ ਅਥਾਰਟੀ ਟੀਮ ਦੀ ਖੂਬ ਕਹਾਸੁਣੀ ਹੋਈ। ਭਾਜਪਾ ਦਾ ਝੰਡਾ ਲੱਗੀ ਕਾਰ ਮੌਕੇ 'ਤੇ ਖੜ੍ਹੀ ਰਹੀ। ਪਾਰਟੀ ਅਤੇ ਸਰਕਾਰ ਦੇ ਨਾਂ 'ਤੇ ਅਧਿਕਾਰੀਆਂ ਨੂੰ ਦਬਾਅ 'ਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਦੇਰ ਸ਼ਾਮ ਤੱਕ ਅਥਾਰਟੀ ਦਾ ਦਸਤਾ ਮੌਕੇ 'ਤੇ ਜਮ੍ਹਾ ਰਿਹਾ। ਹਾਲਾਂਕਿ ਇੱਥੇ ਸਥਾਪਤ ਮੂਰਤੀਆਂ ਨੂੰ ਨਹੀਂ ਹਟਾਇਆ ਜਾ ਸਕਿਆ। ਕਥਾ ਦੀ ਆਯੋਜਕ ਰਿੰਕੀ ਬੰਸਲ ਨੇ ਕਿਹਾ ਕਿ ਭਗਵਾਨ ਦੀ ਕਥਾ 'ਚ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਕੁਝ ਲੋਕ ਇਸ ਦੀ ਗਲਤ ਸ਼ਿਕਾਇਤ ਕਰ ਕੇ ਮਾਹੌਲ ਖਰਾਬ ਕਰ ਰਹੇ ਹਨ। ਇਸ ਦੇ ਉਲਟ ਆਰ.ਡਬਲਿਊ.ਏ. ਦੀ ਮੁਖੀ ਦੇ ਪਤੀ ਦੇਵਰਾਜ ਨਾਗਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਇਸੇ ਤਰ੍ਹਾਂ ਕਈ ਸੈਕਟਰਾਂ 'ਚ ਕਬਜ਼ੇ ਕਰ ਕੇ ਮੰਦਰਾਂ ਨੂੰ ਆਪਣੀ ਵਿਅਕਤੀਗੱਤ ਪ੍ਰਾਪਰਟੀ ਬਣਾ ਲਿਆ ਹੈ। ਇਸ ਨਾਲ ਇਹ ਲੋਕ ਆਪਣੀ ਪੀੜ੍ਹੀਆਂ ਲਈ ਆਮਦਨੀ ਦਾ ਜ਼ਰੀਆ ਬਣਾਉਂਦੇ ਹਨ। ਇਹ ਲੋਕ ਸੈਕਟਰ ਦੀ ਮੰਦਰ ਕਮੇਟੀ ਦੇ ਮੈਂਬਰ ਬਣ ਕੇ ਮੰਦਰ ਨਿਰਮਾਣ 'ਚ ਭਾਗੀਦਾਰ ਬਣ ਸਕਦੇ ਹਨ।