ਮਹਾਰਾਸ਼ਟਰ : ''ਕਾਲਾ ਜਾਦੂ'' ਕਰਦੇ ਹੋਏ ਮਾਤਾ-ਪਿਤਾ ਨੇ 5 ਸਾਲਾ ਧੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

Sunday, Aug 07, 2022 - 11:57 AM (IST)

ਮਹਾਰਾਸ਼ਟਰ : ''ਕਾਲਾ ਜਾਦੂ'' ਕਰਦੇ ਹੋਏ ਮਾਤਾ-ਪਿਤਾ ਨੇ 5 ਸਾਲਾ ਧੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ 'ਚ 5 ਸਾਲਾ ਇਕ ਬੱਚੀ ਦੇ ਮਾਤਾ-ਪਿਤਾ ਨੇ ਬੁਰੀਆਂ ਸ਼ਕਤੀਆਂ ਦੌੜਾਉਣ ਲਈ ਬੱਚੀ 'ਤੇ ਕਾਲਾ ਜਾਦੂ ਕਰਦੇ ਹੋਏ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਦੀ ਹੈ। ਪੁਲਸ ਨੇ ਬੱਚੀ ਦੇ ਪਿਤਾ ਸਿਧਾਰਥ ਚਿਮਨੇ (45), ਮਾਂ ਰੰਜਨਾ (42) ਅਤੇ ਬੰਸੋੜ (32) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਭਾਸ਼ ਨਗਰ ਵਾਸੀ ਚਿਮਨੇ ਯੂ-ਟਿਊਬ 'ਤੇ ਇਕ ਸਥਾਨਕ ਸਮਾਚਾਰ ਚੈਨਲ ਚਲਾਉਂਦਾ ਹੈ। ਉਹ ਪਿਛਲੇ ਮਹੀਨੇ ਗੁਰੂ ਪੂਰਨਿਮਾ 'ਤੇ ਆਪਣੀ ਪਤਨੀ, 5 ਅਤੇ 16 ਸਾਲ ਦੀਆਂ 2 ਧੀਆਂ ਨਾਲ ਤਕਲਘਾਟ ਇਲਾਕੇ 'ਚ ਇਕ ਦਰਗਾਹ 'ਤੇ ਗਿਆ ਸੀ। ਉਦੋਂ ਵਿਅਕਤੀ ਨੂੰ ਆਪਣੀ ਛੋਟੀ ਧੀ ਦੇ ਰਵੱਈਏ 'ਚ ਕੁਝ ਤਬਦੀਲੀ ਮਹਿਸੂਸ ਹੋ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ ਪਿਤਾ ਦਾ ਮੰਨਣਾ ਸੀ ਕਿ ਬੱਚੀ 'ਤੇ ਕੁਝ ਬੁਰੀਆਂ ਸ਼ਕਤੀਆਂ ਦਾ ਸਾਇਆ ਹੈ ਅਤੇ ਉਸ ਨੂੰ ਦੂਰ ਕਰਨ ਲਈ ਕਾਲਾ ਜਾਦੂ ਕਰਨ ਦਾ ਫ਼ੈਸਲਾ ਕੀਤਾ ਗਿਆ। ਕੁੜੀ ਦੇ ਮਾਤਾ-ਪਿਤਾ ਅਤੇ ਚਾਚੀ ਨੇ ਰਾਤ ਨੂੰ ਕਾਲਾ ਜਾਦੂ ਕਰਨਾ ਸ਼ੁਰੂ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾਇਆ, ਜਿਸ ਤੋਂ ਬਾਅਦ 'ਚ ਪੁਲਸ ਨੇ ਉਨ੍ਹਾਂ ਦੇ ਫ਼ੋਨ ਤੋਂ ਬਰਾਮਦ ਕਰ ਲਿਆ।

ਇਹ ਵੀ ਪੜ੍ਹੋ : SC ਦੀ ਵੱਡੀ ਟਿੱਪਣੀ : ਅਣਵਿਆਹੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਨਾ ਦੇਣਾ ਆਜ਼ਾਦੀ ਖੋਹਣ ਬਰਾਬਰ

ਵੀਡੀਓ 'ਚ ਦੋਸ਼ੀ ਰੋ ਰਹੀ ਕੁੜੀ ਤੋਂ ਕੁਝ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਬੱਚੀ ਸਵਾਲਾਂ ਨੂੰ ਸਮਝ ਨਹੀਂ ਪਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ ਤਿੰਨਾਂ ਦੋਸ਼ੀਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਈ। ਇਸ ਤੋਂ ਬਾਅਦ ਦੋਸ਼ੀ ਸ਼ਨੀਵਾਰ ਸਵੇਰੇ ਬੱਚੀ ਨੂੰ ਇਕ ਕਰਗਾਹ 'ਤੇ ਲੈ ਗਏ। ਬਾਅਦ 'ਚ ਉਹ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਏ ਅਤੇ ਉੱਥੋਂ ਦੌੜ ਗਏ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਇਕ ਸੁਰੱਖਿਆ ਕਰਮੀ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਮੋਬਾਇਲ 'ਤੇ ਉਨ੍ਹਾਂ ਦੀ ਕਾਰ ਦੀ ਤਸਵੀਰ ਖਿੱਚ ਲਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਬਾਅਦ 'ਚ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਵਾਹਨ ਰਜਿਸਟਰੇਸ਼ਨ ਸੰਖਿਆ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਰਾਣਾ ਪ੍ਰਤਾਪ ਨਗਰ ਥਾਣੇ ਦੇ ਅਧਿਕਾਰੀ ਦੋਸ਼ੀਆਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ 'ਤੇ ਆਈ.ਪੀ.ਸੀ. ਅਤੇ 'ਮਹਾਰਾਸ਼ਟਰ ਮਨੁੱਖੀ ਬਲੀ' ਅਤੇ ਹੋਰ ਅਣਮਨੁੱਖੀ ਅਤੇ ਬੁਰੀ ਪ੍ਰਥਾਵਾਂ ਅਤੇ ਕਾਲਾ ਜਾਦੂ ਰੋਕਥਾਮ ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News