ਅਹਿਮ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ MCD ਚੋਣਾਂ ਲੜਨ ਤੋਂ ਕੀਤਾ ਇਨਕਾਰ
Saturday, Nov 12, 2022 - 10:30 PM (IST)
ਦਿੱਲੀ : ਦਿੱਲੀ ਵਿਖੇ 4 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਚੋਣਾਂ 'ਚ ਉਤਾਰਨ ਬਾਰੇ ਮੀਟਿੰਗ ਕੀਤੀ ਸੀ ਪਰ ਸਰਨਾ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸਰਨਾ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਰਾਜਧਾਨੀ ਦਿੱਲੀ 'ਚ ਹੋਣ ਵਾਲੀਆਂ ਐੱਮ.ਸੀ.ਡੀ. ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕਰਨ ਵਾਲਿਆਂ ਦੀ ਸਾਡੀ ਪਾਰਟੀ ਪੁਰਜ਼ੋਰ ਹਮਾਇਤ ਕਰੇਗੀ।
ਇਹ ਵੀ ਪੜ੍ਹੋ : ਪੁੱਤ ਨੂੰ ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਦੱਸਿਆ ਕਿ ਜੇਕਰ ਤਾਮਿਲ ਭਾਵਨਾਵਾਂ ਨੂੰ ਉਭਾਰਿਆ ਜਾ ਸਕਦਾ ਹੈ ਅਤੇ ਸੱਤਾ ਲਈ ਲਾਹਾ ਲਿਆ ਜਾ ਸਕਦਾ ਹੈ ਤਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਬੰਦੀ ਸਿੰਘਾਂ ਦਾ ਮੁੱਦਾ ਕਿਉਂ ਨਹੀਂ ਉਠਾਇਆ ਜਾ ਸਕਦਾ। ਬੀਤੇ ਦਿਨ ਹੀ ਸਰਨਾ ਅਤੇ ਦਿੱਲੀ ਦੀ ਸੀਨੀਅਰ ਲੀਡਰਸ਼ੀਪ ਦੀ ਪੰਜਾਬ ਦੀ ਸੀਨੀਅਰ ਲੀਡਰਸ਼ੀਪ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਸਰਨਾ ਨੂੰ ਚੋਣ ਲੜਨ ਦੇ ਸਾਰੇ ਅਧਿਕਾਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਨਗਰ ਨਿਗਮ ਚੋਣਾਂ ਲਈ 250 ਸੀਟਾਂ 'ਤੇ 4 ਦਸੰਬਰ ਨੂੰ ਵੋਟਿੰਗ ਕਰਵਾਈ ਜਾਵੇਗੀ ਤੇ 7 ਦਸੰਬਰ ਨੂੰ ਨਤੀਜਾ ਆਵੇਗਾ।