ਨਾਗਰਿਕਤਾ ਸੋਧ ਬਿੱਲ ''ਤੇ ਪ੍ਰਦਰਸ਼ਨ ਹੋਇਆ ਤੇਜ਼, ਕਸ਼ਮੀਰ ਤੋਂ ਆਸਾਮ ਭੇਜੇ ਜਾ ਰਹੇ ਨੇ ਜਵਾਨ

12/11/2019 4:34:47 PM

ਗੁਹਾਟੀ— ਨਾਗਰਿਕਤਾ ਸੋਧ ਬਿੱਲ (ਸੀ. ਏ. ਬੀ.) ਨੂੰ ਲੈ ਕੇ ਆਸਾਮ 'ਚ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਆਸਾਮ ਦੇ ਲੋਕ ਸ਼ੁਰੂਆਤ ਤੋਂ ਹੀ ਇਸ ਬਿੱਲ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ। ਆਸਾਮ 'ਚ ਵਿਦਿਆਰਥੀਆਂ ਸੰਗਠਨਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ ਹੈ, ਉਦੋਂ ਤਕ ਅਸੀਂ ਕਿਸੇ ਦਬਾਅ 'ਚ ਨਹੀਂ ਆਵਾਂਗੇ। ਦੂਜੇ ਪਾਸੇ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚ ਤਾਇਨਾਤ ਕੀਤੇ ਗਏ ਪੈਰਾ-ਮਿਲਟਰੀ ਜਵਾਨਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਜਵਾਨਾਂ ਨੂੰ ਆਸਾਮ ਭੇਜਿਆ ਜਾ ਰਿਹਾ ਹੈ।

ਜੰਮੂ-ਕਸ਼ਮੀਰ 'ਚ ਤਾਇਨਾਤ ਸੀ. ਆਰ. ਪੀ. ਐੱਫ. ਦੀਆਂ 10 ਕੰਪਨੀਆਂ ਨੂੰ ਆਸਾਮ ਭੇਜਿਆ ਜਾ ਰਿਹਾ ਹੈ। ਜਵਾਨਾਂ ਨੂੰ ਆਸਾਨੀ ਨਾਲ ਆਸਾਮ ਪਹੁੰਚਾਉਣ ਲਈ ਸਪੈਸ਼ਲ ਟਰੇਨ ਵੀ ਚਲਾਈ ਗਈ ਹੈ। ਦੱਸ ਦੇਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਆਸਾਮ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਹਿੰਸਕ ਹੁੰਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਡਿਬਰੂਗੜ 'ਚ ਸਥਿਤੀ ਵਿਗੜਨ ਦੀ ਸ਼ੰਕਾ ਦੇ ਚੱਲਦੇ ਫੌਜ ਬੁਲਾ ਲਈ ਗਈ ਹੈ।  ਇਸ ਨੂੰ ਦੇਖਦੇ ਹੋਏ ਕਈ ਟਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਹੈ, ਜਾਂ ਫਿਰ ਉਨ੍ਹਾਂ ਦੇ ਰਸਤੇ ਬਦਲ ਦਿੱਤੇ ਗਏ ਹਨ। ਕਈ ਟਰੇਨਾਂ ਦੇ ਸਮੇਂ 'ਚ ਵੀ ਬਦਲਾਅ ਕੀਤਾ ਗਿਆ ਹੈ।


Tanu

Content Editor

Related News