ਪਰਮਬੀਰ ਸਿੰਘ ਨੇ ਮਹਾਰਾਸ਼ਟਰ ਹੋਮ ਗਾਰਡ ਦੇ ਡਾਇਰੈਕਟਰ ਜਨਰਲ ਦਾ ਸੰਭਾਲਿਆ ਅਹੁਦਾ

Monday, Mar 22, 2021 - 02:12 PM (IST)

ਮੁੰਬਈ— ਮੁੰਬਈ ਪੁਲਸ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਯਾਨੀ ਕਿ ਅੱਜ ਮਹਾਰਾਸ਼ਟਰ ਹੋਮ ਗਾਰਡ ਦੇ ਜਨਰਲ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਰਮਬੀਰ ਸਿਘ ਅੱਜ ਦੁਪਹਿਰ ਮੁੰਬਈ ਸਥਿਤ ਹੋਮ ਗਾਰਡ ਦਫ਼ਤਰ ਪਹੁੰਚੇ ਪਰ ਉਨ੍ਹਾਂ ਨੇ ਮੀਡੀਆ ਕਾਮਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ। 

ਦੱਸਣਯੋਗ ਹੈ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਇਕ ਵਾਹਨ ਵਿਚ ਵਿਸਫੋਟਕ ਸਮੱਗਰੀ ਪਾਏ ਜਾਣ ਦੇ ਮਾਮਲੇ ਨੂੰ ਲੈ ਕੇ ਆਲੋਚਨਾ ਮਗਰੋਂ ਮਹਾਰਾਸ਼ਟਰ ਸਰਕਾਰ ਨੇ 17 ਮਾਰਚ ਨੂੰ ਸਿੰਘ ਦਾ ਤਬਾਦਲਾ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਹੇਮੰਤ ਨਗਰਾਲੇ ਨੂੰ ਮੁੰਬਈ ਪੁਲਸ ਦਾ ਕਮਿਸ਼ਨਰ ਨਿਯੁਕਤ ਕੀਤਾ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਸੀ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਸਚਿਨ ਵਝੇ ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਹਰ ਮਹੀਨੇ 100 ਕਰੋੜ ਰੁਪਏ ਦੀ ਉਗਾਹੀ ਕਰਨ ਦਾ ਨਿਰਦੇਸ਼ ਦਿੱਤਾ ਸੀ।

ਹਾਲਾਂਕਿ ਦੇਸ਼ਮੁੱਖ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ਪਰਮਬੀਰ ਦੇ ਇਸ ਖ਼ੁਲਾਸੇ ਮਗਰੋਂ ਮਹਾਰਾਸ਼ਟਰ ’ਚ ਸਿਆਸੀ ਤੂਫ਼ਾਨ ਆ ਗਿਆ ਹੈ। ਜਿਸ ਤੋਂ ਬਾਅਦ ਸੱਤਾਧਾਰੀ ਪਾਰਟੀ ਭਾਜਪਾ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਰਾਕਾਂਪਾ ਦੀ ‘ਮਹਾ ਆਘਾੜੀ’ ਸਰਕਾਰ ਹੈ। 
 


Tanu

Content Editor

Related News