ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ: SC ਵੱਲੋਂ ਭਾਰਤੀ ਨਾਗਰਿਕ ਨਿਖਿਲ ਦੇ ਪਰਿਵਾਰ ਦੀ ਪਟੀਸ਼ਨ ਖਾਰਜ

01/04/2024 1:34:00 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਪਰਿਵਾਰ ਦੇ ਇਕ ਮੈਂਬਰ ਵਲੋਂ 'ਕੌਂਸਲਰ ਐਕਸੈਸ' ਦੀ ਮੰਗ ਵਾਲੀ ਪਟੀਸ਼ਨ ਨੂੰ ਵੀਰਵਾਰ ਨੂੰ ਖਾਰਜ ਕਰ ਦਿੱਤਾ। ਨਿਖਿਲ 'ਤੇ ਅਮਰੀਕਾ 'ਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਰਚਣ ਦਾ ਦੋਸ਼ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਤੁਸੀਂ 'ਵਿਆਨਾ ਕਨਵੈਨਸ਼ਨ' ਦੇ ਤਹਿਤ 'ਕੌਂਸਲਰ ਐਕਸੈਸ' ਦੇ ਹੱਕਦਾਰ ਹੋ, ਜੋ ਤੁਹਾਨੂੰ ਪਹਿਲਾ ਹੀ ਮਿਲ ਚੁੱਕਾ ਹੈ। 

ਬੈਂਚ ਨੇ ਗੁਪਤਾ ਦੇ ਪਰਿਵਾਰ ਵਾਲਿਆਂ ਵਲੋਂ ਪੇਸ਼ ਸੀਨੀਅਰ ਵਕੀਲ ਸੀ. ਏ. ਸੁੰਦਰਮ ਨੂੰ ਕਿਹਾ ਕਿ ਇਸ ਅਦਾਲਤ ਨੂੰ ਵਿਦੇਸ਼ੀ ਅਦਾਲਤ ਦੇ ਅਧਿਕਾਰ ਖੇਤਰ, ਸੰਪ੍ਰਭੂਤਾ ਅਤੇ ਉਸ ਦੇਸ਼ ਦੇ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਲਈ ਉਹ ਮਾਮਲੇ ਦੇ ਗੁਣ-ਦੋਸ਼ਾਂ 'ਤੇ ਨਹੀਂ ਜਾ ਸਕਦੇ। ਜਦੋਂ ਵਕੀਲ ਸੁੰਦਰਮ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਗੁਪਤਾ ਨੂੰ ਏਕਾਂਤ ਜੇਲ੍ਹ 'ਚ ਰੱਖਿਆ ਗਿਆ ਹੈ ਅਤੇ ਦੋਸ਼ ਤੋਂ ਬਾਅਦ ਉਨ੍ਹਾਂ ਨੂੰ ਕੋਈ ਕੌਂਸਲਰ ਐਕਸੈਸ ਨਹੀਂ ਦਿੱਤਾ ਗਿਆ ਤਾਂ ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਵਿਦੇਸ਼ੀ ਅਦਾਲਤ ਬਾਰੇ ਕੁਝ ਵੀ ਬੋਲਣ ਦੀ ਇਜਾਜ਼ਤ ਨਹੀਂ ਦੇਵਾਂਗੇ। 

ਬੈਂਚ ਨੇ ਕਿਹਾ ਕਿ 17 ਸਤੰਬਰ 2023 ਨੂੰ ਗੁਪਤਾ ਨੂੰ ਮਾਮਲੇ ਵਿਚ ਕੌਂਸਲਰ ਐਕਸੈਸ ਮਿਲ ਚੁੱਕਾ ਹੈ ਅਤੇ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦਾ ਵੀ ਰੁਖ਼ ਕੀਤਾ ਹੈ। ਦੱਸਣਯੋਗ ਹੈ ਕਿ ਨਿਖਿਲ ਗੁਪਤਾ ਨੂੰ 30 ਜੂਨ ਨੂੰ ਚੈਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ 'ਚ ਸੰਘੀ ਵਕੀਲਾਂ ਨੇ ਗੁਪਤਾ 'ਤੇ ਪਿਛਲੇ ਸਾਲ 29 ਨਵੰਬਰ ਨੂੰ ਅਮਰੀਕਾ ਦੀ ਧਰਤੀ 'ਤੇ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।


Tanu

Content Editor

Related News