ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
Sunday, Feb 02, 2025 - 01:31 PM (IST)

ਅੰਮ੍ਰਿਤਸਰ- 26 ਜਨਵਰੀ ਨੂੰ ਅੰਮ੍ਰਿਤਸਰ 'ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੇ ਮਾਮਲੇ ਨੂੰ ਲੈ ਕੇ ਸਿਆਸਤ ਵਿਚ ਬਵਾਲ ਜਾਰੀ ਹੈ, ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ 'ਚ ਭਾਜਪਾ ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਕਮੇਟੀ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੂੰ ਰਿਪੋਟਰ ਦਿੱਤੀ ਜਾਵੇਗੀ, ਜੋ ਕੇਂਦਰ ਸਰਕਾਰ ਅੱਗੇ ਪੇਸ਼ ਕਰਨਗੇ।
ਇਸ ਦੌਰਾਨ ਬ੍ਰਿਜ ਲਾਲ ਸਾਂਸਦ ਰਾਜ ਸਭਾ, ਸਾਬਕਾ ਡੀ.ਜੀ.ਪੀ., ਲਾਲ ਸਿੰਘ ਆਰੀਆ ਰਾਸ਼ਟਰੀ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ, ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਗੁਰਪ੍ਰਕਾਸ਼ ਪਾਸਵਾਨ ਰਾਸ਼ਟਰੀ ਪਰਵਕਤਾ, ਅਸੀਮ ਅਰੁਣ ਮੰਤਰੀ ਉੱਤਰ ਪ੍ਰਦੇਸ਼ ਸਰਕਾਰ ਅਤੇ ਬੰਤੋ ਦੇਵੀ ਕਟਾਰੀਆ ਅੰਬਾਲਾ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ 'ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਡਾ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੰਜ ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ ’ਚ ਮਿਲੇਗੀ ਸਹੂਲਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਜ ਲਾਲ ਰਾਜ ਸਭਾ ਮੈਂਬਰ ਨੇ ਕਿਹਾ ਕਿ ਜੋ 26 ਜਨਵਰੀ ਨੂੰ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਉਸ ਦਾ ਪੂਰੇ ਦੇਸ਼ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਇਸ ਦਾ ਵਿਰੋਧ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਛੇ ਮੈਂਬਰੀ ਕਮੇਟੀ ਇਸ ਦੀ ਜਾਂਚ ਦੀ ਰਿਪੋਰਟ ਤਿਆਰ ਕਰਨਗੇ ਅਤੇ ਕੇਂਦਰ 'ਚ ਜਾ ਕੇ ਇਸ ਦੀ ਰਿਪੋਰਟ ਵੀ ਪੇਸ਼ ਕਰਨਗੇ।
ਦੱਸ ਦੇਈਏ ਕਿ ਜੇ.ਪੀ. ਨੱਡਾ ਨੇ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੀ ਨਿੰਦਾ ਕੀਤੀ ਹੈ। ਨੱਡਾ ਨੇ ਘਟਨਾ ਦੀ ਜਾਂਚ ਲਈ ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ. ਬ੍ਰਿਜਲਾਲ ਦੀ ਅਗਵਾਈ ਵਿੱਚ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਇੱਕ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰੀਟੇਜ ਸਟਰੀਟ 'ਤੇ ਸਥਿਤ ਡਾ. ਅੰਬੇਡਕਰ ਦੀ ਮੂਰਤੀ 'ਤੇ ਚੜ੍ਹ ਗਿਆ ਅਤੇ ਉਸ 'ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ। ਇਸ ਨੂੰ ਲੈ ਕੇ ਪੰਜਾਬ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਭਾਜਪਾ ਵਫ਼ਦ ਨੇ ਇਸ ਮਾਮਲੇ ਸਬੰਧੀ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਵੀ ਸੌਂਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8