ਪਾਕਿ ਨੇ ਸਰਹੱਦ ''ਤੇ ਵਧਾਈ ਜਵਾਨਾਂ ਦੀ ਗਿਣਤੀ, ਕਰ ਰਿਹੈ ਜੰਗ ਦੀ ਤਿਆਰੀ
Thursday, Jan 25, 2018 - 01:00 AM (IST)

ਰਾਜੌਰੀ—ਪਿਛਲੇ ਕੁਝ ਘੰਟਿਆਂ ਤੋਂ ਪਾਕਿਸਤਾਨੀ ਫੌਜ ਨੇ ਕੌਮਾਂਤਰੀ ਸਰਹੱਦ ਤੋਂ ਅਸਲ ਕੰਟਰੋਲ ਰੇਖਾ ਤੱਕ ਸ਼ਾਂਤੀ ਕਾਇਮ ਰੱਖੀ ਹੈ ਪਰ ਇਸ ਸ਼ਾਂਤੀ ਦੇ ਪਿੱਛੇ ਪਾਕਿਸਤਾਨ ਦੀ ਫੌਜ ਵਲੋਂ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਪਾਕਿ ਜੰਗ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨ ਦੀ ਫੌਜ ਸਰਹੱਦ 'ਤੇ ਭਾਰਤੀ ਗੋਲੀਬਾਰੀ ਕਾਰਨ ਨੁਕਸਾਨੇ ਗਏ ਆਪਣੇ ਬੰਕਰਾਂ ਨੂੰ ਠੀਕ ਕਰਨ ਵਿਚ ਜੁਟੀ ਹੋਈ ਹੈ। ਨਾਲ ਹੀ ਵਾਧੂ ਗਿਣਤੀ ਵਿਚ ਜਵਾਨਾਂ ਨੂੰ ਸਰਹੱਦ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀ ਫੌਜ ਨੇ ਆਪਣਾ ਤੋਪਖਾਨਾ ਵੀ ਸਰਹੱਦ 'ਤੇ ਤਾਇਨਾਤ ਕਰ ਦਿੱਤਾ ਹੈ।
ਸੂਤਰ ਮੁਤਾਬਕ ਪਾਕਿਸਤਾਨੀ ਫੌਜ ਆਪਣੀ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਨ ਦੇ ਤੁਰੰਤ ਪਿੱਛੋਂ ਮੁੜ ਤੋਂ ਗੋਲੀਬਾਰੀ ਸ਼ੁਰੂ ਕਰ ਦੇਵੇਗੀ। ਅਜਿਹਾ ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਵੀ 15 ਅਗਸਤ ਜਾਂ 26 ਜਨਵਰੀ ਦੇ ਮੌਕੇ 'ਤੇ ਪਾਕਿਸਤਾਨੀ ਫੌਜ ਭਾਰਤੀ ਖੇਤਰ ਵੱਲ ਗੋਲੀਬਾਰੀ ਕਰਦੀ ਰਹੀ ਹੈ। ਗੋਲੀਬੰਦੀ ਦੀ ਉਲੰਘਣਾ ਕਰਨ 'ਤੇ ਭਾਰਤੀ ਜਵਾਨਾਂ ਦੀ ਸਖ਼ਤ ਕਾਰਵਾਈ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਕਾਰਨ ਬੌਖਲਾਏ ਹੋਏ ਪਾਕਿ ਨੇ ਸਰਹੱਦ ਤੋਂ ਦੂਰ ਜਿਹੜੀਆਂ ਤੋਪਾਂ ਤਾਇਨਾਤ ਕੀਤੀਆਂ ਹੋਈਆਂ ਸਨ, ਨੂੰ ਹੁਣ ਉਹ ਸਰਹੱਦ ਦੇ ਨੇੜੇ ਲੈ ਕੇ ਆ ਗਿਆ ਹੈ।