ਪਾਕਿਸਤਾਨ ਦੀ ਨਾਪਾਕ ਹਰਕਤ, ਸਰਹੱਦ ਪਾਰ ਪਿੰਡਾਂ ''ਤੇ ਵਰ੍ਹਾਈਆਂ ਗੋਲੀਆਂ
Saturday, Nov 07, 2020 - 06:25 PM (IST)
ਜੰਮੂ (ਭਾਸ਼ਾ)— ਪਾਕਿਸਤਾਨੀ ਫ਼ੌਜੀਆਂ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਪੁੰਛ ਅਤੇ ਕਠੁਆ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਅਤੇ ਕੌਮਾਂਤਰੀ ਸਰਹੱਦ (ਆਈ. ਬੀ.) 'ਤੇ ਪਿੰਡਾਂ ਅਤੇ ਮੋਹਰੀ ਚੌਕੀਆਂ 'ਤੇ ਗੋਲੀਆਂ ਵਰ੍ਹਾਈਆਂ। ਅਧਿਕਾਰੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਵਿਚ ਐੱਲ. ਓ. ਸੀ. 'ਤੇ ਮਨਕੋਟ ਸੈਕਟਰ ਵਿਚ ਦੇਰ ਰਾਤ 2.30 ਵਜੇ ਦੇ ਨੇੜੇ-ਤੇੜੇ ਮੋਰਟਾਰ ਦੇ ਗੋਲੇ ਦਾਗੇ ਗਏ, ਉੱਥੇ ਹੀ ਹੀਰਾਨਗਰ ਸੈਕਟਰ ਵਿਚ ਸਰਹੱਦ ਪਾਰ ਤੋਂ ਗੋਲੀਬਾਰੀ ਰਾਤ ਭਰ ਹੁੰਦੀ ਰਹੀ।
ਅਧਿਕਾਰੀਆਂ ਨੇ ਦੱਸਿਆ ਕਿ ਚੰਗੀ ਗੱਲ ਇਹ ਹੈ ਕਿ ਇਸ ਗੋਲੀਬਾਰੀ ਤੋਂ ਭਾਰਤੀ ਪੱਖ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਕ ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਕਰੀਬ 2.30 ਵਜੇ ਐੱਲ. ਓ. ਸੀ. 'ਤੇ ਮਨਕੋਟ ਸੈਕਟਰ ਵਿਚ ਗੋਲੀਆਂ ਵਰ੍ਹਾਈਆਂ ਅਤੇ ਮੋਰਟਾਰ ਦੇ ਗੋਲੇ ਦਾਗੇ। ਭਾਰਤੀ ਫ਼ੌਜ ਨੇ ਇਸ ਦਾ ਮੁੰਹ ਤੋੜ ਜਵਾਬ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਲੋਂ ਗੋਲੀਬਾਰੀ ਸਵੇਰ ਕਰੀਬ 4 ਵਜੇ ਬੰਦ ਹੋਈ। ਪਾਕਿਸਤਾਨੀ ਰੇਂਜਰਾਂ ਨੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਕਰੋਲ ਕ੍ਰਿਸ਼ਨ, ਸਤਪਾਲ ਅਤੇ ਗੁਰਨਾਮ ਵਿਚ ਸਰਹੱਦੀ ਚੌਕੀਆਂ 'ਤੇ ਗੋਲੀਆਂ ਵਰ੍ਹਾਈਆਂ, ਜਿਸ ਦਾ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਵਾਬ ਦਿੱਤਾ। ਇਸ ਗੋਲੀਬਾਰੀ ਕਾਰਨ ਸਰਹੱਦੀ ਇਲਾਕਿਆਂ 'ਚ ਰਹਿਣ ਵਾਲਿਆਂ ਦਰਮਿਆਨ ਖ਼ੌਫ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਰਾਤ ਭੂਮੀਗਤ ਬੰਕਰਾਂ ਵਿਚ ਗੁਜਾਰੀ।