ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਮੰਦਰ ਅਤੇ ਮਕਾਨਾਂ ''ਤੇ ਵਰ੍ਹਾਈਆਂ ਗੋਲੀਆਂ

11/01/2020 12:04:36 PM

ਜੰਮੂ (ਭਾਸ਼ਾ)— ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਜੰਗਬੰਦੀ ਦੀ ਉਲੰਘਣਾ ਪਾਕਿਸਤਾਨੀ ਫ਼ੌਜ ਵਲੋਂ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਕਠੁਆ ਅਤੇ ਪੁੰਛ ਜ਼ਿਲ੍ਹਿਆਂ ਵਿਚ ਕੌਮਾਂਤਰੀ ਸਰਹੱਦ (ਆਈ. ਬੀ.) ਅਤੇ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਕਈ ਸੈਕਟਰਾਂ 'ਚ ਗੋਲੀਆਂ ਵਰ੍ਹਾਈਆਂ ਅਤੇ ਮੋਰਟਾਰ ਦੇ ਗੋਲੇ ਦਾਗੇ। ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਬਿਨਾਂ ਉਕਸਾਵੇ ਦੇ ਕੀਤੀ ਗਈ। ਗੋਲੀਆਂ ਇਕ ਮੰਦਰ ਅਤੇ ਕੁਝ ਮਕਾਨਾਂ 'ਚ ਲੱਗੀਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਤੇ ਸਰਹੱਦ ਸੁਰੱਖਿਆ ਦਸਤਿਆਂ ਨੇ ਇਸ ਦਾ ਮੁੰਹ ਤੋੜ ਜਵਾਬ ਦਿੱਤਾ। ਭਾਰਤੀ ਪੱਖ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਮੁਤਾਬਕ ਕਠੁਆ ਜ਼ਿਲ੍ਹੇ ਵਿਚ ਆਈ. ਬੀ. ਕੋਲ ਹੀਰਾਨਗਰ ਸੈਕਟਰ ਵਿਚ ਮਨਿਆਰੀ, ਚੰਦਵਾ ਅਤੇ ਲੋਂਦੀ ਪਿੰਡਾਂ 'ਚ ਗੋਲੀਬਾਰੀ ਨਾਲ ਭਗਵਾਨ ਸ਼ਿਵ ਦਾ ਇਕ ਮੰਦਰ ਅਤੇ ਕੁਝ ਮਕਾਨ ਨੁਕਸਾਨੇ ਗਏ ਹਨ। ਕੁਝ ਪਸ਼ੂਆਂ ਨੂੰ ਵੀ ਗੋਲੀਆਂ ਲੱਗੀਆਂ ਹਨ ਅਤੇ ਪਸ਼ੂਆਂ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। 

ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਇਹ ਗੋਲੀਬਾਰੀ ਸ਼ਨੀਵਾਰ ਰਾਤ ਕਰੀਬ 9.45 ਵਜੇ ਸ਼ੁਰੂ ਹੋਈ, ਇਸ ਤੋਂ ਬਾਅਦ ਦੋਹਾਂ ਵਲੋਂ ਐਤਵਾਰ ਸਵੇਰੇ 5.25 ਵਜੇ ਤੱਕ ਗੋਲੀਬਾਰੀ ਜਾਰੀ ਰਹੀ। ਇਸ ਨਾਲ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੇ ਰਾਤ ਬੰਕਰਾਂ ਵਿਚ ਬਤੀਤ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਪੁੰਛ ਜ਼ਿਲ੍ਹੇ ਵਿਚ ਐੱਲ. ਓ. ਸੀ. 'ਤੇ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰ ਵਿਚ ਗੋਲੀਆਂ ਚਲਾਈਆਂ ਅਤੇ ਮੋਰਟਾਰ ਦੇ ਗੋਲੇ ਦਾਗੇ। ਭਾਰਤੀ ਫ਼ੌਜ ਨੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ।


Tanu

Content Editor

Related News