''''ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਪਾਕਿਸਤਾਨ..!'''', ਟਰੰਪ ਦੇ ਦਾਅਵੇ ਨੇ ਦੁਨੀਆ ਭਰ ''ਚ ਮਚਾਈ ਸਨਸਨੀ
Monday, Nov 03, 2025 - 02:00 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਕਿ ਪਾਕਿਸਤਾਨ, ਰੂਸ ਅਤੇ ਚੀਨ ਸਮੇਤ ਕਈ ਦੇਸ਼ ਗੁਪਤ ਰੂਪ ਵਿੱਚ ਅੰਡਰਗਰਾਊਂਡ ਪ੍ਰਮਾਣੂ ਪ੍ਰੀਖਣ ਕਰ ਰਹੇ ਹਨ, ਜਿਨ੍ਹਾਂ ਬਾਰੇ ਜਨਤਾ ਨੂੰ ਪਤਾ ਹੀ ਨਹੀਂ ਹੈ। ਇਸ ਦੇ ਜਵਾਬ ਵਿੱਚ ਟਰੰਪ ਨੇ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਵੀ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਿਹਾ ਹੈ।
ਇੱਕ ਇੰਟਰਵਿਊ ਵਿੱਚ ਟਰੰਪ ਨੇ ਦੋਸ਼ ਲਾਇਆ ਕਿ ਰੂਸ ਤੇ ਚੀਨ ਲੁਕ-ਛਿਪ ਕੇ ਪ੍ਰਮਾਣੂ ਪ੍ਰੀਖਣ ਕਰ ਰਹੇ ਹਨ। ਉਨ੍ਹਾਂ ਨੇ ਪ੍ਰਮਾਣੂ ਪ੍ਰੀਖਣ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਉੱਤਰੀ ਕੋਰੀਆ ਅਤੇ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਬਾਕੀ ਦੇਸ਼ ਪ੍ਰੀਖਣ ਕਰ ਰਹੇ ਹਨ, ਤਾਂ ਅਮਰੀਕਾ ਨੂੰ ਵੀ ਅਜਿਹਾ ਕਰਨਾ ਪਵੇਗਾ।
ਉਨ੍ਹਾਂ ਕਿਹਾ, "ਮੈਂ ਨਹੀਂ ਚਾਹੁੰਦਾ ਕਿ ਅਮਰੀਕਾ ਇੱਕੋ-ਇੱਕ ਦੇਸ਼ ਹੋਵੇ ਜੋ ਪ੍ਰੀਖਣ ਨਾ ਕਰੇ।" ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੇਸ਼ ਪ੍ਰੀਖਣ ਬਹੁਤ ਜ਼ਿਆਦਾ ਡੂੰਘਾਈ 'ਤੇ ਕਰਦੇ ਹਨ, ਜਿੱਥੇ ਲੋਕਾਂ ਨੂੰ ਸਿਰਫ਼ "ਥੋੜ੍ਹੀ ਜਿਹੀ ਵਾਈਬ੍ਰੇਸ਼ਨ" ਹੀ ਮਹਿਸੂਸ ਹੁੰਦੀ ਹੈ ਤੇ ਪ੍ਰੀਖਣ ਦਾ ਪਤਾ ਨਹੀਂ ਲੱਗਦਾ।
ਇਹ ਵੀ ਪੜ੍ਹੋ- ਬਦ ਤੋਂ ਬਦਤਰ ਹੋਏ ਅਮਰੀਕਾ ਦੇ ਹਾਲਾਤ ! ਖਾਣ-ਪੀਣ ਦੀਆਂ ਚੀਜ਼ਾਂ ਲਈ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ
ਟਰੰਪ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਕਿ ਅਮਰੀਕਾ ਪ੍ਰਮਾਣੂ ਪ੍ਰੀਖਣ ਕਰੇਗਾ, ਇਸ ਗੱਲ ਨੂੰ ਲੈ ਕੇ ਉਲਝਣ ਪੈਦਾ ਹੋ ਗਈ ਸੀ ਕਿ ਕੀ ਅਮਰੀਕਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪਹਿਲਾ ਪ੍ਰਮਾਣੂ ਧਮਾਕਾ ਕਰੇਗਾ, ਕਿਉਂਕਿ ਅਮਰੀਕਾ ਨੇ 1992 ਤੋਂ ਬਾਅਦ ਕੋਈ ਅਸਲ ਪ੍ਰਮਾਣੂ ਧਮਾਕਾ ਨਹੀਂ ਕੀਤਾ ਹੈ।
ਇਸ ਵਿਵਾਦ 'ਤੇ ਸਫਾਈ ਦਿੰਦੇ ਹੋਏ, ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨੇ ਕਿਹਾ ਕਿ ਅਮਰੀਕਾ ਵੱਲੋਂ ਜਿਨ੍ਹਾਂ ਪ੍ਰੀਖਣਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ 'ਸਿਸਟਮ ਟੈਸਟ' ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅਸਲ ਪ੍ਰਮਾਣੂ ਧਮਾਕੇ ਨਹੀਂ ਹਨ। ਕ੍ਰਿਸ ਰਾਈਟ ਅਨੁਸਾਰ, ਇਹ ਗੈਰ-ਨੁਕਸਾਨਦੇਹ ਧਮਾਕੇ ਹੁੰਦੇ ਹਨ, ਜੋ ਇਹ ਯਕੀਨੀ ਬਣਾਉਣ ਲਈ ਕੀਤੇ ਜਾਂਦੇ ਹਨ ਕਿ ਪ੍ਰਮਾਣੂ ਹਥਿਆਰ ਦੇ ਸਾਰੇ ਗੈਰ-ਪ੍ਰਮਾਣੂ ਹਿੱਸੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ, ਅਮਰੀਕਾ 1996 ਤੋਂ ਵਿਆਪਕ ਪ੍ਰਮਾਣੂ-ਪ੍ਰੀਖਣ-ਪਾਬੰਦੀ ਸੰਧੀ (Comprehensive Nuclear-Test-Ban Treaty) ਦਾ ਹਿੱਸਾ ਹੈ, ਜੋ ਫੌਜੀ ਜਾਂ ਨਾਗਰਿਕ ਉਦੇਸ਼ਾਂ ਲਈ ਸਾਰੇ ਪ੍ਰਮਾਣੂ ਪ੍ਰੀਖਣ ਧਮਾਕਿਆਂ 'ਤੇ ਪਾਬੰਦੀ ਲਗਾਉਂਦੀ ਹੈ।
ਇਹ ਵੀ ਪੜ੍ਹੋ- ''ਕੋਈ ਲੋੜ ਨਹੀਂ... !'', ਟਰੰਪ ਤੇ ਪੁਤਿਨ ਦੀ ਮੁਲਾਕਾਤ ਬਾਰੇ ਕ੍ਰੈਮਲਿਨ ਦਾ ਵੱਡਾ ਬਿਆਨ
