ਪਾਕਿਸਤਾਨ ''ਚ ਭਾਰਤੀ ਡਿਪਲੋਮੈਟਾਂ ਦਾ ਸ਼ੋਸ਼ਣ, ਭਾਰਤ ਨੇ ਜਤਾਇਆ ਵਿਰੋਧ

Monday, Jul 29, 2019 - 10:28 AM (IST)

ਪਾਕਿਸਤਾਨ ''ਚ ਭਾਰਤੀ ਡਿਪਲੋਮੈਟਾਂ ਦਾ ਸ਼ੋਸ਼ਣ, ਭਾਰਤ ਨੇ ਜਤਾਇਆ ਵਿਰੋਧ

ਨਵੀਂ ਦਿੱਲੀ— ਭਾਰਤ ਨੇ ਪਾਕਿਸਤਾਨ ਨੂੰ ਡਿਪਲੋਮੈਟਾਂ ਦੇ ਸ਼ੋਸ਼ਣ ਨੂੰ ਲੈ ਕੇ ਇਕ ਜ਼ੁਬਾਨੀ ਨੋਟ ਜਾਰੀ ਕੀਤਾ ਹੈ। ਇਸ ਮਹੀਨੇ ਸ਼ੋਸ਼ਣ ਦੇ 5 ਮਾਮਲੇ ਸਾਹਮਣੇ ਆ ਚੁਕੇ ਹਨ। ਇਹ ਮਾਮਲੇ ਜ਼ਿਆਦਾਤਰ ਛੋਟੇ-ਮੋਟੇ ਹਨ ਪਰ ਸਰਕਾਰ ਨੇ ਇਨ੍ਹਾਂ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਹੈ, ਕਿਉਂਕਿ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਦੀ ਪੁਸ਼ਟੀ ਅਨੁਸਾਰ ਇਸ ਮਹੀਨੇ ਭਾਰਤ ਨੇ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਮੋਈਨ-ਉਲ-ਹੱਕ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਮੋਈਨ ਅਗਸਤ ਦੇ ਤੀਜੇ ਹਫਤੇ ਭਾਰਤ ਆਉਣਗੇ। ਉਹ ਇਸ ਤੋਂ ਪਹਿਲਾਂ ਫਰਾਂਸ 'ਚ ਪਾਕਿਸਤਾਨ ਦੇ ਡਿਪਲੋਮੈਟ ਦੇ ਤੌਰ 'ਤੇ ਤਾਇਨਾਤ ਸਨ। ਪਾਕਿਸਤਾਨ ਨੇ ਮਈ 'ਚ ਉਨ੍ਹਾਂ ਨੂੰ ਭਾਰਤ ਭੇਜਣ ਦਾ ਫੈਸਲਾ ਲਿਆ। ਭਾਰਤ ਨੂੰ ਉਮੀਦ ਹੈ ਕਿ ਮੋਈਨ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸਮਝਣਗੇ ਅਤੇ ਸਕਾਰਾਤਮਕ ਤੌਰ 'ਤੇ ਉਸ ਨੂੰ ਲਾਗੂ ਕਰਨਗੇ। ਦੋਹਾਂ ਦੇਸ਼ਾਂ ਨੇ ਬੀਤੇ ਕੁਝ ਮਹੀਨਿਆਂ ਦੌਰਾਨ ਭਾਰਤ ਅਤੇ ਪਾਕਿਸਤਾਨ 'ਚ ਡਿਪਲੋਮੈਟਾਂ ਦੇ ਵਤੀਰੇ ਨੂੰ ਲੈ ਕੇ 1992 ਚੋਣ ਜ਼ਾਬਤਾ (ਕੋਡ ਆਫ ਕੰਡਕਟ) ਦੀ ਵਰਤੋਂ ਕਰਦੇ ਹੋਏ ਸ਼ੋਸ਼ਣ ਦੇ ਕਈ ਮਾਮਲੇ ਨਿਪਟਾਏ ਹਨ।

ਹਾਲਾਂਕਿ ਕਈ ਮੌਕਿਆਂ 'ਤੇ ਹਾਲਾਤ ਖਰਾਬ ਹੋਏ ਹਨ, ਜਿਵੇਂ ਇਸ ਸਾਲ ਈਦ ਤੋਂ ਪਹਿਲਾਂ ਦੋਹਾਂ ਦੇਸ਼ਾਂ 'ਚ ਇਕ-ਦੂਜੇ 'ਤੇ ਇਫਤਾਰ ਪਾਰਟੀ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ। ਦੋਵੇਂ ਦੇਸ਼ ਇਸ ਸਮੇਂ ਕੌਮਾਂਤਰੀ ਨਿਆਂ ਅਦਾਲਤ ਦੇ ਆਦੇਸ਼ ਅਨੁਸਾਰ ਕੁਲਭੂਸ਼ਣ ਜਾਧਵ ਦੀ ਡਿਪਲੋਮੈਟ ਪਹੁੰਚ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਭਾਰਤ ਸਰਕਾਰ ਚਾਹੁੰਦੀ ਹੈ ਕਿ ਪਾਕਿਸਤਾਨ ਭਾਰਤੀ ਅਧਿਕਾਰੀਆਂ ਨੂੰ ਜਾਧਵ ਨਾਲ ਨਿੱਜੀ ਤੌਰ 'ਤੇ ਗੱਲ ਕਰਨ ਦੇਵੇ। ਉੱਥੇ ਹੀ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੇ ਕਾਨੂੰਨ ਅਨੁਸਾਰ ਜਾਧਵ ਨੂੰ ਡਿਪਲੋਮੈਟ ਪਹੁੰਚ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਇਕ ਕਰਮਚਾਰੀ 'ਤੇ ਇਕ ਔਰਤ ਨੂੰ ਬਾਜ਼ਾਰ 'ਚ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲੱਗਾ ਸੀ। ਔਰਤ ਅਨੁਸਾਰ ਕਰਮਚਾਰੀ ਨੇ ਉਸ ਨੂੰ ਬਾਜ਼ਾਰ 'ਚ ਗਲਤ ਤਰੀਕੇ ਨਾਲ ਛੂਹਿਆ ਸੀ। ਉੱਥੇ ਹੀ ਕਰਮਚਾਰੀ ਦਾ ਕਹਿਣਾ ਸੀ ਕਿ ਬਾਜ਼ਾਰ 'ਚ ਭਾਰੀ ਭੀੜ ਹੋਣ ਕਾਰਨ ਗਲਤੀ ਨਾਲ ਉਸ ਦਾ ਹੱਥ ਔਰਤ ਨੂੰ ਛੂਹ ਗਿਆ ਸੀ। ਕਰਮਚਾਰੀ ਨੇ ਔਰਤ ਤੋਂ ਮੁਆਫ਼ੀ ਮੰਗ ਲਈ ਸੀ, ਜਿਸ ਤੋਂ ਬਾਅਦ ਮਾਮਲਾ ਸੁਲਝ ਗਿਆ ਸੀ।


author

DIsha

Content Editor

Related News