ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ 'ਚ ਇਕ ਜਵਾਨ ਸ਼ਹੀਦ

03/24/2019 12:35:35 PM

ਪੁੰਛ— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜੀਆਂ ਦੀ ਗੋਲੀਬਾਰੀ 'ਚ ਐਤਵਾਰ ਨੂੰ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਦੇ ਸ਼ਾਹਪੁਰ ਅਤੇ ਕੇਰਨੀ ਇਲਾਕਿਆਂ 'ਚ ਸ਼ਨੀਵਾਰ ਦੀ ਸ਼ਾਮ ਨੂੰ ਕਰੀਬ 5.30 ਵਜੇ ਸਰਹੱਦ ਪਾਰ ਤੋਂ ਗੋਲੀਬਾਰੀ ਸ਼ੁਰੂ ਹੋਈ ਅਤੇ ਇਹ ਰਾਤ ਭਰ ਲਗਾਤਾਰ ਹੁੰਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਵੀ ਜਵਾਬ ਦਿੱਤਾ। ਪਾਕਿਸਤਾਨੀ ਫੌਜ ਨੇ ਮੋਹਰੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਣ ਲਈ ਮੋਰਟਾਰ ਅਤੇ ਹਥਿਆਰਾਂ ਦੀ ਵਰਤੋਂ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ 'ਚ ਸਵੇਰੇ ਕਰੀਬ 4 ਵਜੇ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਤੁਰੰਤ ਫੌਜ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਪਿਛਲੇ ਚਾਰ ਦਿਨਾਂ 'ਚ ਗੋਲੀਬਾਰੀ 'ਚ 2 ਜਵਾਨਾਂ ਦੀ ਮੌਤ ਹੋ ਚੁਕੀ ਹੈ। ਵੀਰਵਾਰ ਨੂੰ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਦੀ ਬਿਨਾਂ ਉਕਸਾਵੇ ਦੀ ਗੋਲੀਬਾਰੀ 'ਚ 24 ਸਾਲਾ ਰਾਈਫਲਮੈਨ ਯਸ਼ ਪਾਲ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ 'ਚ 40 ਸੀ.ਆਰ.ਪੀ.ਐੱਫ. ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ 26 ਫਰਵਰੀ ਨੂੰ ਪਾਕਿਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਭਾਰਤ ਦੇ ਹਵਾਈ ਹਮਲਿਆਂ ਤੋਂ ਬਾਅਦ ਸਰਹੱਦ 'ਤੇ ਤਣਾਅ ਬਣਿਆ ਹੋਇਆ ਹੈ।


DIsha

Content Editor

Related News