ਪਾਕਿਸਤਾਨ ਤੋਂ ਆ ਰਹੇ ਡਰੋਨ ਨੂੰ ਰੋਕਣ ਲਈ BSF ਖਰੀਦੇਗਾ ਐਂਟੀ ਡਰੋਨ ਸਿਸਟਮ

10/14/2019 5:04:16 PM

ਨਵੀਂ ਦਿੱਲੀ— ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਨਾਲ ਨਜਿੱਠਣ ਲਈ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਐਂਟੀ ਡਰੋਨ ਸਿਸਟਮ ਖਰੀਦਣ ਦਾ ਫੈਸਲਾ ਕੀਤਾ  ਹੈ। ਇਸ ਮਹੀਨੇ ਬੀ.ਐੱਸ.ਐੱਫ. ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਨੂੰ ਲੈ ਕੇ ਹੁਣ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਬੀ.ਐੱਸ.ਐੱਫ. ਅਨੁਸਾਰ ਉਸ ਨੂੰ 10 ਕਿਲੋਮੀਟਰ ਰਡਾਰ 'ਚ ਕਿਸੇ ਵੀ ਡਰੋਨ ਨੂੰ ਟਰੈਕ ਕਰਨ ਦੀ ਸਮਰੱਥਾ ਵਾਲਾ ਐਂਟੀ ਡਰੋਨ ਸਿਸਟਮ ਚਾਹੀਦਾ, ਜੋ 360 ਡਿਗਰੀ ਤੱਕ ਕੰਮ ਕਰ ਸਕੇ ਅਤੇ ਦਿਨ-ਰਾਤ ਨਜ਼ਰ ਰੱਖ ਸਕੇ।

ਦੱਸਣਯੋਗ ਹੈ ਕਿ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ 'ਚ ਭਾਰਤੀ ਸੁਰੱਖਿਆ ਫੋਰਸਾਂ ਨੂੰ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟਣ ਦੀ ਮਨਜ਼ੂਰੀ ਮਿਲ ਗਈ ਹੈ। ਜੇਕਰ ਹੁਣ ਸਰਹੱਦ 'ਤੇ ਪਾਕਿਸਤਾਨ ਦਾ ਡਰੋਨ 1000 ਫੁੱਟ ਦੀ ਉੱਚਾਈ 'ਤੇ ਉੱਡਦਾ ਦਿੱਸਦਾ ਹੈ ਤਾਂ ਭਾਰਤੀ ਸੁਰੱਖਿਆ ਫੋਰਸ ਉਸ ਨੂੰ ਮਾਰ ਸੁਕੇਗੀ। ਹਾਲ ਹੀ 'ਚ ਪਾਕਿਸਤਾਨੀ ਫੌਜ ਦੀ ਮਦਦ ਨਾਲ ਅੱਤਵਾਦੀ ਸੰਗਠਨਾਂ ਰਾਹੀਂ ਪੰਜਾਬ 'ਚ ਹਥਿਆਰਾਂ ਅਤੇ ਡਰੱਗਜ਼ ਦੀ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਫੋਰਸਾਂ ਨੂੰ ਸਰਹੱਦਾਂ 'ਤੇ ਪਾਕਿਸਤਾਨ ਦੇ ਡਰੋਨ ਨੂੰ ਮਾਰ ਸੁੱਟਣ ਦੀ ਮਨਜ਼ੂਰੀ ਮਿਲੀ ਹੈ।

ਜੰਮੂ-ਕਸ਼ਮੀਰ ਅਤੇ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ 'ਤੇ ਭਾਰਤੀ ਫੌਜ ਅਤੇ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨ ਤਾਇਨਾਤ ਹਨ। ਬੀ.ਐੱਸ.ਐੱਫ. ਦੇ ਜਵਾਨ ਕਈ ਵਾਰ ਸਰਹੱਦ 'ਤੇ ਪਾਕਿਸਤਾਨੀ ਡਰੋਨ ਨੂੰ ਉੱਡਦੇ ਦੇਖ ਚੁੱਕੇ ਹਨ। ਕਈ ਵਾਰ ਪਾਕਿਸਤਾਨੀ ਡਰੋਨ ਭਾਰਤੀ ਹਵਾਈ ਖੇਤਰ 'ਚ ਘੁਸਪੈਠ ਵੀ ਕਰ ਜਾਂਦੇ ਹਨ ਅਤੇ ਕਈ ਵਾਰ ਚੌਕਸੀ ਦੇਖ ਕੇ ਵਾਪਸ ਵੀ ਚੱਲੇ ਜਾਂਦੇ ਹਨ।


DIsha

Content Editor

Related News