MEA ਦਾ ਖੁਲਾਸਾ- 26/11 ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ 'ਚ ਪਾਕਿਸਤਾਨ ਨੇ ਨਹੀਂ ਦਿਖਾਈ ਗੰਭੀਰਤਾ

03/14/2023 10:34:27 PM

ਇੰਟਰਨੈਸ਼ਨਲ ਡੈਸਕ : ਭਾਰਤੀ ਵਿਦੇਸ਼ ਮੰਤਰਾਲੇ (MEA) ਦੀ ਸਾਲਾਨਾ ਰਿਪੋਰਟ ਨੇ ਵੀ ਗੁਆਂਢੀ ਦੇਸ਼ ਦੀਆਂ ਹਰਕਤਾਂ ਦਾ ਪਰਦਾਫਾਸ਼ ਕੀਤਾ ਹੈ। ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ 2021-22 ਜਾਰੀ ਕੀਤੀ, ਜਿਸ ਵਿੱਚ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ ਦਾ ਜ਼ਿਕਰ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਜਾਣ ਵਾਲੇ ਸੀਮਾ ਪਾਰ ਅੱਤਵਾਦ 'ਚ ਕੋਈ ਕਮੀ ਨਹੀਂ ਆਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸਲਾਮਾਬਾਦ ਨੇ 26/11 ਮੁੰਬਈ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਰੇਗਿਸਤਾਨ ’ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਲੋਕ, ਵਸਿਆ ਹੈ ਪੂਰਾ ਸ਼ਹਿਰ

2022 ਲਈ ਆਪਣੀ ਸਾਲਾਨਾ ਰਿਪੋਰਟ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਬਦਨਾਮ ਕਰਨ ਅਤੇ ਆਪਣੀਆਂ ਘਰੇਲੂ ਸਿਆਸੀ ਤੇ ਆਰਥਿਕ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਦੁਸ਼ਮਣੀ ਅਤੇ ਮਨਘੜਤ ਪ੍ਰਚਾਰ ਕਰਨ ਵਿੱਚ ਲੱਗਾ ਹੋਇਆ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਭਾਰਤ ਨੇ ਭਾਰਤ ਦੇ ਅੰਦਰੂਨੀ ਮੁੱਦਿਆਂ 'ਤੇ ਪਾਕਿਸਤਾਨ ਦੀਆਂ ਸਾਰੀਆਂ ਕਾਰਵਾਈਆਂ ਤੇ ਬਿਆਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਸਾਰੇ ਦੇਸ਼ਾਂ ਨੂੰ ਇਹ ਪਤਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨਾਲ ਜੁੜੇ ਮਾਮਲੇ ਦੇਸ਼ ਦੇ ਅੰਦਰੂਨੀ ਹਨ। ਵਿਦੇਸ਼ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ 'ਚ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ 'ਚ ਅਜੇ ਤੱਕ ਗੰਭੀਰਤਾ ਨਹੀਂ ਦਿਖਾਈ। ਉਹ ਇਸ ਨੂੰ ਲਟਕਾਉਣ ਦੀ ਰਣਨੀਤੀ 'ਤੇ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਦਵਾਈ ਨਿਰਮਾਤਾ ਕੰਪਨੀ Novo Nordisk ਇੰਸੁਲਿਨ ਦੀ ਕੀਮਤ 'ਚ 75 ਫ਼ੀਸਦੀ ਤੱਕ ਕਰੇਗੀ ਕਟੌਤੀ

ਰਿਪੋਰਟ 'ਚ ਨੋਟ ਕਿਹਾ ਗਿਆ ਹੈ ਕਿ ਭਾਰਤ ਦੇ ਲਗਾਤਾਰ ਇਹ ਕਹਿਣ ਕਿ ਪਾਕਿਸਤਾਨ ਆਪਣੀ 2004 ਦੀ ਵਚਨਬੱਧਤਾ ਦਾ ਸਨਮਾਨ ਕਰੇ ਅਤੇ ਆਪਣੀ ਜ਼ਮੀਨ ਜਾਂ ਖੇਤਰ ਨੂੰ ਭਾਰਤ ਵਿਰੁੱਧ ਅੱਤਵਾਦ ਲਈ ਵਰਤਣ ਦੀ ਇਜਾਜ਼ਤ ਨਾ ਦੇਵੇ, ਸਰਹੱਦ ਪਾਰ ਅੱਤਵਾਦ, ਘੁਸਪੈਠ ਅਤੇ ਭਾਰਤ 'ਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਪਾਰੋਂ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ 'ਚ ਕੋਈ ਕਮੀ ਨਹੀਂ ਆਈ ਹੈ। ਰਿਪੋਰਟ ਮੁਤਾਬਕ ਭਾਰਤ ਪਾਕਿਸਤਾਨ ਨਾਲ ਆਮ ਗੁਆਂਢੀ ਰਿਸ਼ਤੇ ਚਾਹੁੰਦਾ ਹੈ। ਭਾਰਤ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਮੁੱਦਿਆਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ਦੀ ਬਜਾਏ ਦੁਵੱਲੇ ਅਤੇ ਸ਼ਾਂਤੀ ਨਾਲ ਹੱਲ ਕੀਤਾ ਜਾਵੇ। ਇਸ ਦੇ ਨਾਲ ਹੀ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਅਨੁਕੂਲ ਮਾਹੌਲ ਬਣਾਉਣਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News