‘ਸ਼ਹੀਦੀ ਸਾਕਾ ਪੰਜਾ ਸਾਹਿਬ’ ਦੇ ਸ਼ਤਾਬਦੀ ਸਮਾਗਮ ’ਚ ਜਾਣ ਲਈ ਸਿੱਖਾਂ ਨੂੰ ਪਾਕਿ ਨੇ ਨਹੀਂ ਦਿੱਤਾ ਵੀਜ਼ਾ
Sunday, Oct 30, 2022 - 04:42 PM (IST)
ਨਵੀਂ ਦਿੱਲੀ- ‘ਸ਼ਹੀਦੀ ਸਾਕਾ ਪੰਜਾ ਸਾਹਿਬ’ ਦਾ ਸ਼ਤਾਬਦੀ ਸਮਾਗਮ ’ਚ ਹਿੱਸਾ ਲੈਣ ਲਈ ਜਾਣਾ ਚਾਹੁੰਦੀ ਸਿੱਖ ਸੰਗਤ ਨੂੰ ਪਾਕਿਸਤਾਨ ਨੇ ਵਧੇਰੇ ਗਿਣਤੀ ’ਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦਿੱਲੀ ਦੇ ਸਿੱਖ ਭੜਕ ਗਏ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੈਨਰ ਹੇਠ ਕੁੱਲ 36 ਸਿੱਖਾਂ ਨੇ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਅਪਲਾਈ ਕੀਤਾ ਸੀ। ਇਨ੍ਹਾਂ ’ਚੋਂ 22 ਸਿੱਖਾਂ ਦਾ ਵੀਜ਼ਾ ਨਾ-ਮਨਜ਼ੂਰ ਕਰ ਦਿੱਤਾ। ਇਸ ’ਚ ਗੁਰਦੁਆਰਾ ਕਮੇਟੀ ਦੇ ਅਹੁਦਾ ਅਧਿਕਾਰੀ ਅਤੇ ਸੰਗਤ ਸ਼ਾਮਲ ਹੈ।
ਵੀਜ਼ਾ ਨਾ-ਮਨਜ਼ਰ ਕਰਨ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਨਰਲ ਜਗਦੀਪ ਸਿੰਘ ਕਾਹਲੋਂ ਨੇ ਇਤਰਾਜ਼ ਦਰਜ ਕਰਵਾਇਆ ਹੈ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਪਾਕਿਸਤਾਨ ’ਚ ਵੱਡੇ ਪੱਧਰ ’ਤੇ ਮਨਾਈ ਜਾ ਰਹੀ ਹੈ। ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ ਕਿ ਗੁਰੂਧਾਮਾਂ ਦੇ ਦਰਸ਼ਨ ਕਰ ਸਕੀਏ ਪਰ ਪਾਕਿਸਤਾਨ ਦੂਤਘਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਸੰਗਤ ਵਲੋਂ ਕੀਤੇ ਗਏ ਵੀਜ਼ਾ ਅਪਲਾਈ ਨੂੰ ਨਾ-ਮਨਜ਼ੂਰ ਕਰ ਦਿੱਤਾ।
ਕਾਲਕਾ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ’ਚ ਸਿੱਖ ਕੁੜੀਆਂ ਨਾਲ ਹੁੰਦੇ ਭੇਦਭਾਵ, ਜ਼ਬਰਨ ਅਗਵਾ, ਧਰਮ ਪਰਿਵਰਤਨ ਅਤੇ ਮੁਸਲਮਾਨਾਂ ਨਾਲ ਨਿਕਾਹ ਦੀਆਂ ਘਟਨਾਵਾਂ ਖਿਲਾਫ਼ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਵਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਜਿਸ ਕਾਰਨ ਉੱਥੋਂ ਦੀ ਸਰਕਾਰ ਵਲੋਂ ਸਿੱਖਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਕੀ ਹੈ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ ਘਟਨਾ?
ਇਹ ਘਟਨਾ 30 ਅਕਤੂਬਰ, 1922 ਨੂੰ ਪੰਜਾ ਸਾਹਿਬ ਦੇ ਧਾਰਮਿਕ ਸਥਾਨ ਨੇੜੇ ਹਸਨ ਅਬਦਾਲ ਰੇਲਵੇ ਸਟੇਸ਼ਨ 'ਤੇ ਵਾਪਰੀ ਸੀ। ਪੰਜਾ ਸਾਹਿਬ ਦੇ ਕਈ ਸਿੱਖਾਂ ਨੇ ਸਿੱਖ ਕੈਦੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਅਟਕ (ਹੁਣ ਪਾਕਿਸਤਾਨ) ਜਾਣ ਵਾਲੀ ਰੇਲਗੱਡੀ ਨੂੰ ਰੋਕਣ ਲਈ ਰੇਲਵੇ ਟਰੈਕ ਨੂੰ ਬਲਾਕ ਕਰ ਦਿੱਤਾ ਸੀ ਕਿਉਂਕਿ ਉਹ ਉਨ੍ਹਾਂ (ਕੈਦੀਆਂ) ਦੀ ਸੇਵਾ ਕਰਨਾ ਚਾਹੁੰਦੇ ਸਨ। ਜਦੋਂ ਸਟੇਸ਼ਨ ਮਾਸਟਰ ਨੇ ਰੇਲਗੱਡੀ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਤਾਂ ਕੁਝ ਲੋਕ ਟਰੈਕ ਦੇ ਵਿਚਕਾਰ ਬੈਠ ਗਏ। ਡਰਾਈਵਰ ਨੇ ਟਰੇਨ ਰੋਕ ਦਿੱਤੀ ਪਰ ਉਦੋਂ ਤੱਕ 11 ਸਿੱਖ ਜ਼ਖਮੀ ਹੋ ਚੁੱਕੇ ਸਨ। ਉਨ੍ਹਾਂ ਵਿਚੋਂ 2 ਨੇ ਬਾਅਦ ’ਚ ਦਮ ਤੋੜ ਦਿੱਤਾ, ਜਿਨ੍ਹਾਂ ਨੂੰ "ਸਾਕਾ ਪੰਜਾ ਸਾਹਿਬ" ਦੇ ਸ਼ਹੀਦਾਂ ਦੇ ਰੂਪ ’ਚ ਸਨਮਾਨਿਤ ਕੀਤਾ ਗਿਆ।