ਬਾਲਾਕੋਟ ਏਅਰਸਟ੍ਰਾਈਕ ''ਤੇ ਪਾਕਿ ਦਾ ਨਵਾਂ ਝੂਠ, 4 ਸਾਲ ਪੁਰਾਣੀ ਵੀਡੀਓ ਕੀਤੀ ਸ਼ੇਅਰ
Sunday, Jul 28, 2019 - 03:06 PM (IST)

ਇਸਲਾਮਾਬਾਦ/ਨਵੀਂ ਦਿੱਲੀ— ਗੋਲਾ-ਬਾਰੂਦ ਤੋਂ ਇਲਾਵਾ ਝੂਠ ਤੇ ਫਰੇਬ ਵੀ ਸਾਲਾਂ ਤੋਂ ਪਾਕਿਸਤਾਨੀ ਫੌਜ ਦਾ ਹਥਿਆਰ ਰਿਹਾ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਭਾਰਤ ਦੇ ਖਿਲਾਫ ਜ਼ੋਰ-ਸ਼ੋਰ ਨਾਲ ਇਸ ਹਥਿਆਰ ਦੀ ਵਰਤੋਂ ਕਰ ਰਹੇ ਹਨ। ਗਫੂਰ ਨੇ ਭਾਰਤ ਦੇ ਖਿਲਾਫ ਇਕ ਵਾਰ ਫਿਰ ਝੂਠ ਦੀ ਵਰਤੋਂ ਕੀਤੀ ਹੈ। ਆਸਿਫ ਗਫੂਰ ਨੇ ਇੰਡੀਅਨ ਏਅਰ ਫੋਰਸ ਦੇ ਇਕ ਰਿਟਾਇਰਡ ਅਫਸਰ ਦੇ ਇਕ ਪੁਰਾਣੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦਾ ਇਕ ਸਾਬਕਾ ਏਅਰਫੋਰਸ ਅਧਿਕਾਰੀ ਕਹਿ ਰਿਹਾ ਹੈ ਕਿ 27 ਫਰਵਰੀ ਨੂੰ ਭਾਰਤ-ਪਾਕਿਸਤਾਨ ਦੇ ਵਿਚਾਲੇ ਟੱਕਰ 'ਚ ਭਾਰਤ ਅਸਫਲ ਰਿਹਾ ਸੀ।
ਆਸਿਫ ਗਫੂਰ ਨੇ 4 ਸਾਲ ਪੁਰਾਣੇ ਇਸ ਇੰਟਰਵਿਊ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪਾਇਆ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਜਿਵੇਂ ਹੀ ਆਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ ਕੀਤਾ, ਮਿੰਟਾਂ 'ਚ ਹੀ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਗਿਆ। ਜਦੋਂ ਇਸ ਵੀਡੀਓ ਨੂੰ ਸਰਚ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਵੀਡੀਓ 2015 'ਚ ਯੂ-ਟਿਊਬ 'ਤੇ ਪਾਇਆ ਗਿਆ ਸੀ।
Admission of Indian failure and losses on 27 February 2019 by a well decorated Indian Airforce veteran Air Marshal Denzil Keelor.#Surprise pic.twitter.com/uTeErbucCl
— Asif Ghafoor (@peaceforchange) July 28, 2019
ਜਦਕਿ ਆਸਿਫ ਗਫੂਰ ਕਹਿ ਰਹੇ ਹਨ ਕਿ ਇਸ ਵੀਡੀਓ 'ਚ 27 ਫਰਵਰੀ 2019 ਨੂੰ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਈ ਝੜਪ ਦੇ ਦੌਰਾਨ ਭਾਰਤ ਨੂੰ ਹੋਏ ਨੁਕਸਾਨ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ। ਇਸ ਵੀਡੀਓ 'ਚ ਵੀਰ ਚੱਕਰ ਤੇ ਕੀਰਤੀ ਚੱਕਰ ਨਾਲ ਸਨਮਾਨਿਤ ਏਅਰ ਫੋਰਸ ਮਾਰਸ਼ਲ ਡੇਂਜਿਲ ਕੀਲੋਰ 1962 ਤੇ 1965 ਦੀ ਜੰਗ ਦੇ ਬਾਰੇ 'ਚ ਦੱਸ ਰਹੇ ਹਨ। 1962 'ਚ ਭਾਰਤ ਤੇ ਚੀਨ ਦੇ ਵਿਚਾਲੇ ਜੰਗ ਹੋਈ ਸੀ, ਜਦਕਿ 1965 'ਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਹੋਈ ਸੀ।
ਆਸਿਫ ਨੇ ਟਵੀਟ ਕੀਤਾ ਕਿ ਇੰਡੀਅਨ ਏਅਰਫੋਰਸ ਦੇ ਇਕ ਵੇਟਰਨ ਅਫਸਰ ਵਲੋਂ 27 ਫਰਵਰੀ 2019 ਨੂੰ ਭਾਰਤ ਦੀ ਹਾਰ ਤੇ ਨੁਕਸਾਨ ਦਾ ਕਬੂਲਨਾਮਾ। ਆਸਿਫ ਗਫੂਰ ਨੇ ਇਸ ਵੀਡੀਓ ਦੇ ਨਾਲ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਦਾ ਵੀਡੀਓ ਵੀ ਮਿਕਸ ਕਰ ਦਿੱਤਾ ਹੈ।
ਦੱਸ ਦਈਏ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ 'ਚ ਦਾਖਲ ਹੋ ਕੇ ਕਾਰਵਾਈ ਕੀਤੀ ਸੀ। ਭਾਰਤ ਨੇ ਬਾਲਾਕੋਟ ਦੀਆਂ ਪਹਾੜੀਆਂ 'ਚ ਸਥਿਤ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ 200-250 ਅੱਤਵਾਦੀ ਮਾਰੇ ਗਏ ਸਨ। ਭਾਰਤ ਦੀ ਇਸ ਕਾਰਵਾਈ ਦੇ ਅਗਲੇ ਦਿਨ 27 ਫਰਵਰੀ ਨੂੰ ਪਾਕਿਸਤਾਨ ਦੇ ਜੰਮੂ-ਕਸ਼ਮੀਰ 'ਚ ਭਾਰਤੀ ਸਰਹੱਦ 'ਤੇ ਹਮਲੇ ਦੀ ਅਸਫਲ ਕੋਸ਼ਿਸ਼ ਕੀਤੀ।
ਇਸ ਦਿਨ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਨੇ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਜਹਾਜ਼ਾਂ ਨੂੰ ਭਜਾ ਦਿੱਤਾ ਸੀ। ਇਸ ਕੋਸ਼ਿਸ਼ 'ਚ ਵਿੰਗ ਕਮਾਂਡਰ ਅਭਿਨੰਦਰ ਪਾਕਿਸਤਾਨੀ ਸਰਹੱਦ 'ਚ ਚਲੇ ਗਏ ਸਨ। ਮਿਗ-21 ਲੜਾਕੀ ਜਹਾਜ਼ 'ਤੇ ਸਵਾਰ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਢੇਰ ਕੀਤਾ ਸੀ। ਪਾਕਿਸਤਾਨ ਦੀ ਸਰਹੱਦ 'ਚ ਉਤਰਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਭਾਰਤ ਵਲੋਂ ਜ਼ਬਰਦਸਤ ਕੂਟਨੀਤਿਕ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਸਿਰਫ 48 ਘੰਟਿਆਂ 'ਚ ਉਸ ਨੂੰ ਰਿਹਾਅ ਕਰ ਦਿੱਤਾ ਸੀ। ਇਸ ਹਮਲੇ 'ਚ ਭਾਰਤ ਦਾ ਵੀ ਇਕ ਜਹਾਜ਼ ਨੁਕਸਾਨਿਆ ਗਿਆ ਸੀ।