ਪਾਕਿ ਫੌਜ ਦੇ ਹੱਥੋਂ ਨਿਕਲ ਸਕਦਾ ਹੈ ਅੱਤਵਾਦੀਆਂ ਦਾ ਕੰਟਰੋਲ : ਬਿਪਿਨ ਰਾਵਤ

Thursday, Jun 24, 2021 - 10:35 AM (IST)

ਪਾਕਿ ਫੌਜ ਦੇ ਹੱਥੋਂ ਨਿਕਲ ਸਕਦਾ ਹੈ ਅੱਤਵਾਦੀਆਂ ਦਾ ਕੰਟਰੋਲ : ਬਿਪਿਨ ਰਾਵਤ

ਨਵੀਂ ਦਿੱਲੀ- ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਦੇ ਨਾਲ ਸਰਹੱਦ ’ਤੇ ਫ਼ੌਜੀ ਫ਼ੋਰਸਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਪਾਕਿਸਤਾਨ ਦੀ ਫ਼ੌਜ ਦੇ ਨਾਲ ਕੰਮ ਕਰਨ ਵਾਲੇ ਕੁਝ ਅੱਤਵਾਦੀ ਸੰਗਠਨ ਹਰਕਤ ਕਰ ਸਕਦੇ ਹਨ, ਜਿਸ ਨਾਲ ਭਾਰਤ ਦੇ ਪਾਕਿਸਤਾਨ ਦਰਮਿਆਨ ਤਣਾਅ ਵਧ ਸਕਦਾ ਹੈ। ਰਾਵਤ ਨੇ ਕਿਹਾ ਕਿ ਅਜੇ ਮੁੱਖ ਤੌਰ ’ਤੇ ਸਾਰਾ ਧਿਆਨ ਲੱਦਾਖ ਵਿਚ ਚੀਨ ਨਾਲ ਲੱਗਦੀ ਸਰਹੱਦ ਵੱਲ ਹੈ, ਜਿੱਥੇ ਪਿਛਲੇ ਸਾਲ ਤੋਂ ਹੀ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਨੂੰ ਲੈ ਕੇ ਡੈੱਡਲਾਕ ਬਣਿਆ ਹੋਇਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਪਾਕਿਸਤਾਨ ਨਾਲ ਲੱਗਣ ਵਾਲੀ ਸਰਹੱਦ ਨੂੰ ਲੈ ਕੇ ਲਾਪਰਵਾਹ ਹੋ ਜਾਈਏ। ਰਾਵਤ ਨੇ ਕਿਹਾ,‘‘ਮੇਰਾ ਹਮੇਸ਼ਾ ਤੋਂ ਇਹੀ ਕਹਿਣਾ ਰਿਹਾ ਹੈ ਕਿ ਕੁਝ ਅੱਤਵਾਦੀ ਸੰਗਠਨ ਜੋ ਫੌਜ ਨਾਲ ਕੰਮ ਕਰਦੇ ਹਨ, ਦੇ ਉੱਪਰੋਂ ਫੌਜ ਦਾ ਕੰਟਰੋਲ ਹਟ ਸਕਦਾ ਹੈ। ਜਿੱਥੋਂ ਤਕ ਪਾਕਿਸਤਾਨ ਨਾਲ ਜੰਗਬੰਦੀ ਦੀ ਗੱਲ ਹੈ ਤਾਂ ਜੇ ਗੁਆਂਢੀ ਦੇਸ਼ ਹਥਿਆਰਾਂ ਅਤੇ ਡਰੱਗਜ਼ ਦੀ ਸਮੱਗਲਿੰਗ ਇੰਝ ਹੀ ਜਾਰੀ ਰੱਖਦਾ ਹੈ ਤਾਂ ਫਿਰ ਜੰਗਬੰਦੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਗੁਆਂਢੀ ਦੇਸ਼ ਦੇ ਇਨ੍ਹਾਂ ਕੰਮਾਂ ਨਾਲ ਸ਼ਾਂਤੀ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਹੁੰਦੀ ਹੈ।

ਭਾਰਤ ਨਾਲ ਟਕਰਾਅ ਕੇ ਚੀਨ ਨੂੰ ਪਤਾ ਲੱਗਾ ਗਿਆ ਕਿ ਕਿੰਨੀ ਕਮਜ਼ੋਰ ਹੈ ਉਸ ਦੀ ਟ੍ਰੇਨਿੰਗ
ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅਸਲ ਕੰਟਰੋਲ ਲਾਈਨ ’ਤੇ ਗਲਵਾਨ ਘਾਟੀ ਵਿਚ ਹੋਏ ਟਾਕਰੇ ਤੋਂ ਬਾਅਦ ਚੀਨੀ ਫੌਜ ਨੂੰ ਸਮਝ ਆ ਗਈ ਕਿ ਉਸ ਨੂੰ ਬਿਹਤਰ ਤਿਆਰੀ ਅਤੇ ਟ੍ਰੇਨਿੰਗ ਦੀ ਲੋੜ ਹੈ। ਚੀਨੀ ਫ਼ੌਜੀ ਹਿਮਾਲਿਆ ਦੀਆਂ ਪਹਾੜੀਆਂ ਵਿਚ ਲੜਾਈ ਲੜਨ ਦੇ ਆਦੀ ਨਹੀਂ, ਨਾ ਹੀ ਉਹ ਲੰਮੇ ਸਮੇਂ ਤਕ ਮੁਕਾਬਲਾ ਕਰ ਸਕਦੇ ਹਨ। ਭਾਰਤੀ ਫ਼ੌਜ ਦੇ ਜਵਾਨਾਂ ਨੇ ਬਿਹਤਰੀਨ ਤਿਆਰੀ ਕੀਤੀ ਹੈ ਅਤੇ ਹਾਲਾਤ ਦਾ ਅੰਦਾਜ਼ਾ ਲਾਇਆ ਹੈ। ਪਹਾੜੀ ਇਲਾਕਿਆਂ ਵਿਚ ਸਾਡੀ ਫ਼ੌਜ ਚੀਨੀ ਫ਼ੌਜ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ। ਭਾਰਤ ਨੇ ਚੀਨੀ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਅਤੇ ਦੇਸ਼ ਦੀ ਫ਼ੌਜ ਲਗਾਤਾਰ ਚੌਕਸ ਹੈ।


author

DIsha

Content Editor

Related News