ਪਾਕਿ ਫੌਜ ਨੇ ਨੌਸ਼ਹਿਰਾ ਤੇ ਸੁੰਦਰਬਨੀ ਸੈਕਟਰ ''ਚ ਵਰ੍ਹਾਏ ਗੋਲੇ

Wednesday, Mar 06, 2019 - 01:49 AM (IST)

ਪਾਕਿ ਫੌਜ ਨੇ ਨੌਸ਼ਹਿਰਾ ਤੇ ਸੁੰਦਰਬਨੀ ਸੈਕਟਰ ''ਚ ਵਰ੍ਹਾਏ ਗੋਲੇ

ਨੌਸ਼ਹਿਰਾ/ਸੁੰਦਰਬਨੀ, (ਸ. ਹ., ਰਾਜਿੰਦਰ)– ਪਾਕਿਸਤਾਨੀ ਫੌਜ ਨੇ ਮੰਗਲਵਾਰ ਗੋਲੀਬੰਦੀ ਦੀ ਮੁੜ ਉਲੰਘਣਾ ਕਰਦੇ ਹੋਏ ਨੌਸ਼ਹਿਰਾ ਸੈਕਟਰ ਦੇ ਕਲਾਲ ਅਤੇ ਡੀਂਗ ਤੇ ਸੁੰਦਰਬਨੀ ਸੈਕਟਰ ਦੇ ਮੀਨਕਾ ਮਹਾਦੇਵ ਖੇਤਰਾਂ ਦੀਆਂ ਮੂਹਰਲੀਆਂ ਚੌਕੀਆਂ ਅਤੇ ਲੋਕਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦੇ ਗੋਲੇ ਦਾਗੇ। ਨੌਸ਼ਹਿਰਾ ਸੈਕਟਰ ਵਿਚ ਸਥਿਤ ਇਕ ਸਕੂਲ ਦੇ 68 ਬੱਚੇ ਵਾਲ-ਵਾਲ ਬਚੇ। ਮਿਲੀਆਂ ਵਿਸਤ੍ਰਿਤ ਰਿਪੋਰਟਾਂ ਮੁਤਾਬਕ ਡੀਂਗ ਮਿਡਲ ਸਕੂਲ 'ਚ ਪ੍ਰੀਖਿਆ ਦੇ ਰਹੇ 68 ਬੱਚੇ ਉਕਤ ਗੋਲਿਆਂ ਦੀ ਲਪੇਟ ਵਿਚ ਆ ਗਏ। ਪੂਰੇ ਪਿੰਡ ਵਿਚ ਹਫੜਾ-ਦਫੜੀ ਮਚ ਗਈ। ਬੱਚਿਆਂ ਨੂੰ ਸਟਾਫ ਅਤੇ ਸਥਾਨਕ ਸਰਪੰਚ ਰਮੇਸ਼ ਚੌਧਰੀ ਨੇ ਮੌਕੇ 'ਤੇ ਪਹੁੰਚ ਕੇ ਸਕੂਲ ਦੇ ਅੰਦਰ ਹੀ ਉਦੋਂ ਤੱਕ ਬਿਠਾਈ ਰੱਖਿਆ ਜਦੋਂ ਤੱਕ ਗੋਲਾਬਾਰੀ ਬੰਦ ਨਹੀਂ ਹੋ ਗਈ। ਇਹ ਗੋਲਾਬਾਰੀ ਲਗਭਗ 3 ਘੰਟੇ ਜਾਰੀ ਰਹੀ। ਗੋਲਾਬਾਰੀ ਦੌਰਾਨ ਗੋਲੇ ਕਲਾਲ ਪੁਲ ਦੇ ਨੇੜੇ ਵੀ ਡਿੱਗੇ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਫੌਜ ਨੇ ਇਸ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।
ਸੂਤਰਾਂ ਮੁਤਾਬਕ ਕਲਾਲ ਉਪ ਸੈਕਟਰ ਦੀ ਇਕ ਮੂਹਰਲੀ ਚੌਕੀ 'ਤੇ ਤਾਇਨਾਤ ਸਿਪਾਹੀ ਵੈਭਵ ਯਾਦਵ (24) ਇਕ ਸਨਾਈਪਰ ਸ਼ਾਟ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਸੁੰਦਰਬਨੀ ਸੈਕਟਰ ਅਧੀਨ ਮੀਨਕਾ ਮਹਾਦੇਵ ਸਰਹੱਦੀ ਖੇਤਰ ਵਿਚ ਮੰਗਲਵਾਰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਰਿਹਾਇਸ਼ੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਮਹਾਦੇਵ ਪਿੰਡ ਵਿਚ ਆਰ. ਟੀ. ਦੇ 2 ਗੋਲੇ ਡਿੱਗੇ। ਇਨ੍ਹਾਂ ਵਿਚੋਂ ਇਕ ਗੋਲਾ ਇਕ ਮਕਾਨ ਤੋਂ 10 ਮੀਟਰ ਦੂਰ ਡਿੱਗਾ। ਧਮਾਕੇ ਕਾਰਨ ਇਕ ਮਕਾਨ ਦੀ ਕੰਧ ਨੂੰ ਮਾਮੂਲੀ ਨੁਕਸਾਨ ਹੋਇਆ।


author

KamalJeet Singh

Content Editor

Related News