ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, ਮੁੜ ਗੋਲੀਬੰਦੀ ਦੀ ਕੀਤੀ ਉਲੰਘਣਾ

Monday, Apr 29, 2019 - 02:04 AM (IST)

ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, ਮੁੜ ਗੋਲੀਬੰਦੀ ਦੀ ਕੀਤੀ ਉਲੰਘਣਾ

ਪੁੰਛ, (ਇੰਟ.)— ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। 10 ਦਿਨ ਦੀ ਸ਼ਾਂਤੀ ਪਿੱਛੋਂ ਪਾਕਿਸਤਾਨੀ ਫੌਜ ਨੇ ਪੁੰਛ ਦੇ ਗੁਲਪੁਰ ਸੈਕਟਰ ਵਿਚ ਐਤਵਾਰ ਮੁੜ ਗੋਲਾਬਾਰੀ ਕੀਤੀ। ਭਾਰਤੀ ਜਵਾਨਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਮਿਲੀਆਂ ਖਬਰਾਂ ਮੁਤਾਬਕ ਸ਼ਨੀਵਾਰ ਰਾਤ ਦੇਰ ਗਏ ਪਾਕਿ ਫੌਜ ਨੇ ਫੌਜੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਪਾਕਿ ਵਲੋਂ ਮੋਰਟਾਰ ਨਾਲ ਦਾਗ਼ੇ ਗਏ ਗੋਲਿਆਂ ਕਾਰਨ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਫੌਜ ਇਸ ਗੋਲਾਬਾਰੀ ਦੀ ਆੜ ਵਿਚ ਅੱਤਵਾਦੀਆਂ ਦੇ ਗਰੁੱਪ ਨੂੰ ਭਾਰਤੀ ਖੇਤਰ ਵਿਚ ਦਾਖਲ ਕਰਵਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ। ਪਾਕਿ ਦੇ ਇਸ ਕੋਝੇ ਯਤਨ ਨੂੰ ਸਰਹੱਦ 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨ ਸਫਲ ਨਹੀਂ ਹੋਣ ਦੇ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਪਿੰਡਾਂ ਵਿਚ ਜ਼ਿੰਦਾ ਗੋਲੇ ਮਿਲਣ ਕਾਰਨ ਸਥਾਨਕ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਗੋਲੇ ਨੂੰ ਜ਼ਾਇਆ ਕਰਨ ਲਈ ਬੰਬ ਰੋਕੂ ਦਸਤੇ ਨੂੰ ਸੱਦਿਆ ਗਿਆ ਸੀ। ਫੌਜ ਨੇ ਪੂਰੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਲੋਕਾਂ ਦੇ ਉਥੋਂ ਲੰਘਣ 'ਤੇ ਪਾਬੰਦੀ ਲਾ ਦਿੱਤੀ ਸੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਖੇਤਰ ਦੇ ਨੌਸ਼ਹਿਰਾ ਸੈਕਟਰ ਵਿਚ ਵੀ ਗੋਲਾਬਾਰੀ ਕੀਤੀ ਸੀ। ਪਾਕਿ ਨੇ ਕਲਾਲ ਪਿੰਡ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ।


author

KamalJeet Singh

Content Editor

Related News