ਪਹਿਲਗਾਮ ਅੱਤਵਾਦੀ ਹਮਲਾ: ਸ੍ਰੀਨਗਰ ''ਚ ਅਮਿਤ ਸ਼ਾਹ ਦੀ ਉੱਚ ਪੱਧਰੀ ਮੀਟਿੰਗ ਜਾਰੀ

Wednesday, Apr 23, 2025 - 12:14 AM (IST)

ਪਹਿਲਗਾਮ ਅੱਤਵਾਦੀ ਹਮਲਾ: ਸ੍ਰੀਨਗਰ ''ਚ ਅਮਿਤ ਸ਼ਾਹ ਦੀ ਉੱਚ ਪੱਧਰੀ ਮੀਟਿੰਗ ਜਾਰੀ

ਸ੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਸ੍ਰੀਨਗਰ ਪਹੁੰਚੇ ਹੋਏ ਹਨ।  ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਸੈਲਾਨੀਆਂ 'ਤੇ ਹਮਲੇ ਤੋਂ ਕੁਝ ਘੰਟਿਆਂ ਬਾਅਦ ਸ਼ਾਹ ਸ੍ਰੀਨਗਰ ਪਹੁੰਚੇ ਅਤੇ ਹਵਾਈ ਅੱਡੇ ਤੋਂ ਸਿੱਧੇ ਰਾਜ ਭਵਨ ਚਲੇ ਗਏ ਸਨ। ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਪਹੁੰਚਣ 'ਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਅਤੇ ਖੁਫੀਆ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ ਮੌਜੂਦ ਸਨ। ਅਮਿਤ ਸ਼ਾਹ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਅਸੀਂ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵਾਂਗੇ।

 

ਗ੍ਰਹਿ ਮੰਤਰੀ ਸਾਰੀਆਂ ਏਜੰਸੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕਰ ਰਹੇ ਹਨ। ਜ਼ਿਕਰਯੋਗ ਹੈ ਸ੍ਰੀਨਗਰ ਦੇ ਸਥਾਨਕ ਲੋਕਾਂ ਨੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਮੋਮਬੱਤੀ ਜਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਮੱਕਾ ਮਾਰਕੀਟ ਦੇ ਜਨਰਲ ਸਕੱਤਰ ਫਯਾਜ਼ ਅਹਿਮਦ ਭੱਟ ਨੇ ਕਿਹਾ ਕਿ ਅਸੀਂ ਮਨੁੱਖਤਾ ਵਿਰੁੱਧ ਇਸ ਹਮਲੇ ਦੀ ਨਿੰਦਾ ਕਰਦੇ ਹਾਂ।


author

SATPAL

Content Editor

Related News