ਮੋਬਾਈਲ ਫੋਨ ਚਾਰਜਰ ਨਾਲ ਫੜਿਆ ਗਿਆ ਪਹਿਲਗਾਮ ਹਮਲੇ ’ਚ ਅੱਤਵਾਦੀਆਂ ਦੀ ਮਦਦ ਕਰਨ ਵਾਲਾ
Sunday, Oct 05, 2025 - 10:27 PM (IST)

ਸ਼੍ਰੀਨਗਰ, (ਭਾਸ਼ਾ)- ਜੰਮੂ-ਕਸ਼ਮੀਰ ਪੁਲਸ ਵੱਲੋਂ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਗਏ ਮੁਹੰਮਦ ਯੂਸੁਫ ਕਟਾਰੀ ਨੇ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ’ਚ ਸ਼ਾਮਲ ਅੱਤਵਾਦੀਆਂ ਨਾਲ 4 ਵਾਰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਇਕ ਐਂਡ੍ਰਾਇਡ ਫੋਨ ਦਾ ਚਾਰਜਰ ਦਿੱਤਾ ਸੀ। ਇਸ ਸਬੂਤ ਦੇ ਆਧਾਰ ’ਤੇ ਉਹ ਫੜਿਆ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਟਾਰੀ ਨੂੰ ਪਹਿਲਗਾਮ ’ਚ 26 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸੁਲੇਮਾਨ ਉਰਫ ਆਸਿਫ, ਜ਼ਿਬਰਾਨ ਅਤੇ ਹਮਜਾ ਅਫਗਾਨੀ ਨੂੰ ਮਹੱਤਵਪੂਰਨ ਰਸਦ ਸਹਾਇਤਾ ਮੁਹੱਈਆ ਕਰਨ ਦੇ ਦੋਸ਼ ’ਚ ਸਤੰਬਰ ਦੇ ਆਖਰੀ ਹਫ਼ਤੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਅਨੁਸਾਰ ਕਟਾਰੀ (26) ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਹ ਸ਼੍ਰੀਨਗਰ ਸ਼ਹਿਰ ਦੇ ਬਾਹਰ ਜ਼ਬਰਵਾਨ ਪਹਾੜੀਆਂ ’ਚ ਇਨ੍ਹਾਂ ਤਿੰਨਾਂ ਲੋਕਾਂ ਨੂੰ 4 ਵਾਰ ਮਿਲਿਆ ਸੀ। ਕਈ ਹਫ਼ਤਿਆਂ ਦੀ ਜਾਂਚ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ। ਇਹ ਸਫਲਤਾ ‘ਆਪ੍ਰੇਸ਼ਨ ਮਹਾਦੇਵ’ ਵਾਲੀ ਥਾਂ ਤੋਂ ਪ੍ਰਾਪਤ ਸਮੱਗਰੀ ਦੀ ਡੂੰਘਾਈ ਨਾਲ ਕੀਤੀ ਫਾਰੈਂਸਿਕ ਜਾਂਚ ਤੋਂ ਬਾਅਦ ਮਿਲੀ। ‘ਆਪ੍ਰੇਸ਼ਨ ਮਹਾਦੇਵ’ ਜੁਲਾਈ ’ਚ ਸ਼ੁਰੂ ਕੀਤੀ ਗਈ ਅੱਤਵਾਦ-ਰੋਕੂ ਮੁਹਿੰਮ ਸੀ। ਇਸ ਮੁਹਿੰਮ ਦੌਰਾਨ ਪਹਿਲਗਾਮ ਕਤਲੇਆਮ ’ਚ ਸ਼ਾਮਲ 3 ਅੱਤਵਾਦੀਆਂ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ’ਚ ਜ਼ਬਰਵਾਨ ਰੇਂਜ ਦੀਆਂ ਪਹਾੜੀਆਂ ਹੇਠਲੇ ਮੈਦਾਨ ’ਚ ਢੇਰ ਕਰ ਦਿੱਤਾ ਗਿਆ ਸੀ।
ਪੁਲਸ ਨੇ ਐਂਡ੍ਰਾਇਡ ਮੋਬਾਈਲ ਫੋਨ ਦੇ ਅੰਸ਼ਿਕ ਤੌਰ ’ਤੇ ਨੁਕਸਾਨੇ ਹੋਏ ਚਾਰਜਰ ਦੀ ਜਾਂਚ ਤੋਂ ਬਾਅਦ ਕਟਾਰੀ ਨੂੰ ਜਾਂਚ ਦੇ ਘੇਰੇ ’ਚ ਲਿਆ। ਇਹ ਚਾਰਜਰ ਆਪ੍ਰੇਸ਼ਨ ਦੌਰਾਨ ਬਰਾਮਦ ਕਈ ਵਸਤਾਂ ’ਚੋਂ ਇਕ ਸੀ। ਸ਼੍ਰੀਨਗਰ ਪੁਲਸ ਨੇ ਆਖ਼ਿਰਕਾਰ ਚਾਰਜਰ ਦੇ ਅਸਲ ਮਾਲਕ ਦਾ ਪਤਾ ਲਾਇਆ ਅਤੇ ਉਸ ਨੇ ਫੋਨ ਨੂੰ ਇਕ ਡੀਲਰ ਨੂੰ ਵੇਚਣ ਦੀ ਪੁਸ਼ਟੀ ਕੀਤੀ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਸ ਕਟਾਰੀ ਤੱਕ ਪਹੁੰਚ ਗਈ।
ਅੱਤਵਾਦੀ ਸਮੂਹ ਲਈ ਪ੍ਰਮੁੱਖ ਸਰੋਤ ਸੀ ਗ੍ਰਿਫਤਾਰ ਕਟਾਰੀ
ਅਧਿਕਾਰੀਆਂ ਨੇ ਦੱਸਿਆ ਕਿ ਕਟਾਰੀ ਕਥਿਤ ਤੌਰ ’ਤੇ ਖਾਨਾਬਦੋਸ਼ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਸੀ ਅਤੇ ਉਹ ਅੱਤਵਾਦੀ ਸਮੂਹ ਲਈ ਇਕ ਪ੍ਰਮੁੱਖ ਸਰੋਤ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਹਮਲਾਵਰਾਂ ਨੂੰ ਚਾਰਜਰ ਮੁਹੱਈਆ ਕਰਾਉਣ ਅਤੇ ਮੁਸ਼ਕਲ ਇਲਾਕਿਆਂ ’ਚ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਰਗੀ ਮਦਦ ਕੀਤੀ। ਪਹਿਲਗਾਮ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਸੁਲੇਮਾਨ ਉਰਫ ਆਸਿਫ ਦੇ ਨਾਲ ਹੀ ਜ਼ਿਬਰਾਨ ਅਤੇ ਹਮਜਾ ਅਫਗਾਨੀ ਨੂੰ 29 ਜੁਲਾਈ ਨੂੰ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਮੁਕਾਬਲੇ ’ਚ ਢੇਰ ਕਰ ਦਿੱਤਾ ਗਿਆ ਸੀ। ਜ਼ਿਬਰਾਨ ਅਕਤੂਬਰ 2024 ’ਚ ਸੋਨਮਰਗ ਸੁਰੰਗ ਹਮਲੇ ਨਾਲ ਵੀ ਜੁੜਿਆ ਸੀ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 22 ਅਪ੍ਰੈਲ ਦੇ ਅੱਤਵਾਦੀ ਹਮਲੇ ਦੇ ਸਿਲਸਿਲੇ ’ਚ ਹੁਣ ਤੱਕ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਅੱਤਵਾਦੀਆਂ ਨੂੰ ਰਸਦ ਸਹਾਇਤਾ ਅਤੇ ਰਹਿਣ ਲਈ ਆਸਰਾ ਮੁਹੱਈਆ ਕਰਨ ਦਾ ਦੋਸ਼ ਹੈ।