ਫੋਰੈਸਟ ਗਾਰਡ ਦੀ ਦੌੜ ਦੌਰਾਨ ਨੌਜਵਾਨ ਨਾਲ ਵਾਪਰੀ ਅਜੀਬ ਘਟਨਾ,ਲੋਕਾਂ ਨੂੰ ਯਾਦ ਆਈ ਖ਼ਰਗੋਸ਼-ਕੱਛੂਕੁੰਮਾ ਦੀ ਕਹਾਣੀ

Wednesday, Mar 29, 2023 - 02:40 PM (IST)

ਖੰਡਵਾ- ਮੱਧ ਪ੍ਰਦੇਸ਼ 'ਚ ਜੰਗਲਾਤ ਸੁਰੱਖਿਆ ਕਰਮੀ (ਫੋਰੈਸਟ ਗਾਰਡ) ਭਰਤੀ ਫਿਜ਼ੀਕਲ ਟੈਸਟ 'ਚ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਥੇ ਦੌੜ 'ਚ ਸ਼ਾਮਲ ਹੋਣ ਆਇਆ ਪ੍ਰੀਖਿਆਰਥੀ ਸਭ ਤੋਂ ਅੱਗੇ ਹੋਣ ਦੇ ਬਾਵਜੂਦ ਫ਼ੇਲ ਹੋ ਗਿਆ। ਉਹ ਰਸਤੇ 'ਚ ਆਰਾਮ ਕਰਨ ਲਈ ਰੁਕਿਆ ਅਤੇ ਫਿਰ ਡੂੰਘੀ ਨੀਂਦ 'ਚ ਸੌਂ ਗਿਆ। ਬਾਕੀ ਦੇ ਪ੍ਰੀਖਿਆਰਥੀ ਅੱਗੇ ਨਿਕਲ ਗਏ ਅਤੇ ਕੁਆਲੀਫਾਈ ਹੋ ਗਏ। ਉੱਥੇ ਹੀ ਨੌਜਵਾਨ ਆਪਣੀ ਗਲਤੀ 'ਤੇ ਪਛਤਾਉਂਦਾ ਨਜ਼ਰ ਆਇਆ। ਉਸ ਦੀ ਇਸ ਗਲਤੀ ਨੂੰ ਸਭ ਖਰਗੋਸ਼-ਕੱਛੂਕੁੰਮੇ ਦੀ ਦੌੜ ਵਾਲੀ ਕਹਾਣੀ ਨਾਲ ਜੋੜ ਕੇ ਦੇਖ ਰਹੇ ਹਨ। 

ਦਰਅਸਲ 28 ਮਾਰਚ ਨੂੰ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਸ਼ਹਿਰ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਪਹਾੜ ਸਿੰਘ ਜੰਗਲਾਤ ਸੁਰੱਖਿਆ ਕਰਮੀ ਭਰਤੀ ਦਾ ਖੰਡ 'ਚ ਫਿਜ਼ੀਕਲ ਟੈਸਟ ਦੇਣ ਆਇਆ ਹੋਇਆ ਸੀ। ਕੁੱਲ 61 ਪ੍ਰੀਖਿਆਰਥੀ ਉਸ ਨਾਲ ਇਸ ਦੌੜ 'ਚ ਸ਼ਾਮਲ ਹੋਏ ਸਨ, ਜਿਸ 'ਚ 9 ਕੁੜੀਆਂ ਅਤੇ 25 ਮੁੰਡੇ ਸ਼ਾਮਲ ਸਨ। ਸਾਰਿਆਂ ਨੂੰ 24 ਕਿਲੋਮੀਟਰ ਦੀ ਪੈਦਲ ਚਾਲ 4 ਘੰਟਿਆਂ 'ਚ ਪੂਰੀ ਕਰਨੀ ਸੀ। ਸਵੇਰੇ-ਸਵੇਰੇ 6 ਵਜੇ ਖੰਡਵਾ ਦੇ ਹਰਸੂਦ ਨਾਕੇ ਤੋਂ ਸ਼ੁਰੂ ਹੋਈ ਇਹ ਦੌੜ 10 ਵਜੇ ਵਾਪਸ ਉਸੇ ਪੁਆਇੰਟ 'ਤੇ ਖ਼ਤਮ ਹੋਈ ਸੀ। ਇਸ ਵਿਚ ਪ੍ਰੀਖਿਆਰਥੀ ਨੂੰ 4 ਚੈੱਕ ਪੁਆਇੰਟ ਤੋਂ ਹੋ ਕੇ ਲੰਘਣਾ ਸੀ ਅਤੇ ਆਖ਼ਰੀ ਪੁਆਇੰਟ 'ਤੇ ਆਉਣਾ ਸੀ। ਜਦੋਂ ਦੌੜ ਸ਼ੁਰੂ ਹੋਈ ਤਾਂ ਪਹਾੜ ਸਿੰਘ ਸਾਰਿਆਂ ਨੂੰ ਪਿੱਛੇ ਛੱਡਦਾ ਹੋਇਆ ਅੱਗੇ ਨਿਕਲ ਗਿਆ। ਚਾਰੋਂ ਚੈੱਕ ਪੁਆਇੰਟ ਤੋਂ ਉਹ ਸਭ ਤੋਂ ਪਹਿਲਾਂ ਲੰਘਿਆ ਪਰ ਆਖ਼ਰੀ ਚੈੱਕ ਪੁਆਇੰਟ ਤੱਕ ਨਹੀਂ ਪਹੁੰਚਿਆ। ਸਮਾਂ ਪੂਰਾ ਹੋਣ ਤੋਂ ਬਾਅਦ ਆਖ਼ਰੀ ਪੁਆਇੰਟ 'ਤੇ ਜਦੋਂ ਪ੍ਰੀਖਿਆਰਥੀਆਂ ਦੀ ਗਿਣਤੀ ਹੋਈ ਤਾਂ ਉਨ੍ਹਾਂ ਦੀ ਗਿਣਤੀ 60 ਨਿਕਲੀ। 

ਫੋਰੈਸਟ ਰੇਂਜ ਦੇ ਅਫ਼ਸਰਾਂ ਨੂੰ ਪਤਾ ਲੱਗਾ ਕਿ ਇਕ ਪ੍ਰੀਖਿਆਰਥੀ ਘੱਟ ਹੈ। ਸਾਹਮਣੇ ਆਇਆ ਕਿ 96 ਨੰਬਰ ਵਾਲਾ ਪਹਾੜ ਸਿੰਘ ਅਜੇ ਤੱਕ ਨਹੀਂ ਪਹੁੰਚਿਆ ਹੈ। ਇਸ ਲਈ ਅਫ਼ਸਰਾਂ ਦੀਆਂ ਗੱਡੀਆਂ ਪਹਾੜ ਸਿੰਘ ਨੂੰ ਲੱਭਣ ਲਈ ਨਿਕਲੀਆਂ। ਅਫ਼ਸਰਾਂ ਨੇ ਦੇਖਿਆ ਕਿ ਪਹਾੜ ਸਿੰਘ ਆਖ਼ਰੀ ਪੁਆਇੰਟ ਤੋਂ ਕੁਝ ਦੂਰੀ 'ਤੇ ਸੜਕ ਕਿਨਾਰੇ ਦਰੱਖਤ ਹੇਠ ਸੌਂ ਰਿਹਾ ਹੈ। ਉਸ ਨੂੰ ਜਗਾਇਆ ਤਾਂ ਉਹ ਉੱਠਿਆ। ਟੀਮ ਨੇ ਉਸ ਤੋਂ ਪੁੱਛਿਆ ਕਿ ਇੱਥੇ ਸੌਂ ਕਿਉਂ ਰਿਹਾ ਹੈਂ ਤਾਂ ਕਹਿਣ ਲੱਗਾ,''ਪੈਰਾਂ 'ਚ ਛਾਲੇ ਆ ਗਏ, ਇਸ ਕਾਰਨ ਥੋੜ੍ਹੀ ਦੇਰ ਆਰਾਮ ਕਰ ਬੈਠ ਗਿਆ ਸੀ। ਫਿਰ ਕਦੋਂ ਨੀਂਦ ਲੱਗ ਗਈ ਪਤਾ ਹੀ ਨਹੀਂ ਲੱਗਦਾ। ਖੰਡਵਾ ਫੋਰੈਸਟ ਰੇਂਜ ਅਫ਼ਸਰ ਜੇ.ਪੀ. ਮਿਸ਼ਰਾ ਨੇ ਦੱਸਿਆ ਕਿ ਇਕ ਪ੍ਰੀਖਿਆਰਥੀ ਆਰਾਮ ਕਰਨ ਰੁਕ ਗਿਆ ਸੀ। ਇਸ ਦੌਰਾਨ ਉਹ ਸੌਂ ਗਿਇਆ। ਬਾਅਦ 'ਚ ਟੀਮ ਉਸ ਨੂੰ ਆਪਣੇ ਨਾਲ ਲੈ ਕੇ ਆਈ। ਉਹ ਪ੍ਰੀਖਿਆ 'ਚ ਫ਼ੇਲ ਡਿਸਕਵਾਲੀਫਾਈ ਹੋ ਗਿਆ ਹੈ। ਆਪਣੀ ਗਲਤੀ 'ਤੇ ਪਹਾੜ ਸਿੰਘ ਨੂੰ ਬਹੁਤ ਪਛਤਾਵਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ 'ਚ ਲੱਗਾ ਹੋਇਆ ਸੀ। ਇਕ ਗਲਤੀ ਕਾਰਨ ਸਰਕਾਰੀ ਨੌਕਰੀ ਉਸ ਦੇ ਹੱਥੋਂ ਨਿਕਲ ਗਈ। 


DIsha

Content Editor

Related News