ਪੀ. ਐੱਮ. ਮੋਦੀ ਪੁੱਜੇ ਸਿੰਗਾਪੁਰ, ਹੋਇਆ ਨਿੱਘਾ ਸਵਾਗਤ
Wednesday, Nov 14, 2018 - 09:18 AM (IST)
ਸਿੰਗਾਪੁਰ(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਦੌਰੇ 'ਤੇ ਬੁੱਧਵਾਰ ਨੂੰ ਸਿੰਗਾਪੁਰ ਪੁੱਜੇ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਦੱਸਿਆ ਕਿ ਉਹ 'ਸਿੰਗਾਪੁਰ ਫਿਨਟੇਕ ਸੰਮੇਲਨ' ਨੂੰ ਸੰਬੋਧਤ ਕਰਨਗੇ। ਜਾਣਕਾਰੀ ਮੁਤਾਬਕ ਉਹ ਥੋੜੀ ਦੇਰ ਪਹਿਲਾਂ ਹੀ ਸਿੰਗਾਪੁਰ ਪੁੱਜੇ ਹਨ ਅਤੇ ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਉਹ ਕਈ ਸੰਮੇਲਨਾਂ 'ਚ ਹਿੱਸਾ ਲੈਣਗੇ। ਮੋਦੀ ਨੇ ਟਵੀਟ ਕਰਕੇ ਦੱਸਿਆ ਕਿ ਭਾਰਤੀ ਭਾਈਚਾਰੇ ਨੇ ਤੇਜ਼ ਮੀਂਹ ਦੇ ਬਾਵਜੂਦ ਬਹੁਤ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਨਿੱਘਾ ਸਵਾਗਤ ਉਨ੍ਹਾਂ ਦੇ ਦਿਲ ਨੂੰ ਛੂਹ ਗਿਆ ਅਤੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ,''ਪ੍ਰਵਾਸੀ ਭਾਈਚਾਰੇ ਨੇ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਹ ਦੁਨੀਆ ਭਰ 'ਚ ਵੱਖ-ਵੱਖ ਖੇਤਰਾਂ 'ਚ ਸਫਲ ਹੋਏ ਹਨ।''
ਤੁਹਾਨੂੰ ਦੱਸ ਦਈਏ ਕਿ ਪੀ. ਐੱਮ. ਮੋਦੀ ਇਸ ਦੌਰਾਨ ਕਈ ਸੰਮੇਲਨਾਂ ਅਤੇ ਬੈਠਕਾਂ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਆਰਥਿਕ ਸਾਂਝੇਦਾਰੀ ਨੂੰ ਲੈ ਕੇ ਵੀ ਗੱਲਬਾਤ ਕਰਨਗੇ। ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਦੋ-ਪੱਖੀ ਬੈਠਕ ਕਰਨਗੇ। ਸਿੰਗਾਪੁਰ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਨਵੀਂ ਦਿੱਲੀ 'ਚ ਕਿਹਾ ਸੀ ਕਿ ਉਹ ਭਾਰਤ-ਪ੍ਰਸ਼ਾਂਤ ਖੇਤਰ ਦੇ ਮਜ਼ਬੂਤ ਸਬੰਧਾਂ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਗੇ।