‘ਆਕਸੀਜਨ ਨੂੰ ਮਹੱਤਵਪੂਰਨ ਵਸਤੂ ਸਮਝਣ ਸੂਬੇ, ਠੀਕ ਢੰਗ ਨਾਲ ਕਰਵਾਓ ਇਸਤੇਮਾਲ’

Saturday, May 01, 2021 - 11:12 AM (IST)

ਨਵੀਂ ਦਿੱਲੀ– ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜੀਵਨ ਰੱਖਿਅਕ ਗੈਸ ਆਕਸੀਜਨ ਦੀ ਕਮੀ ਦਰਮਿਆਨ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬਿਆਂ ਨੂੰ ਕਿਹਾ ਕਿ ਉਹ ਉਪਲੱਬਧ ਆਕਸੀਜਨ ਨੂੰ ਮਹੱਤਵਪੂਰਨ ਵਸਤੂ ਵਾਂਗ ਲੈਣ ਅਤੇ ਆਕਸੀਜਨ ਦਾ ਇਸਤੇਮਾਲ ਯਕੀਨੀ ਬਣਾਉਣ। ਨਾਲ ਹੀ ਮਰੀਜ਼ਾਂ ਨੂੰ ਗੈਰ-ਜ਼ਰੂਰੀ ਤੌਰ ’ਤੇ ਆਕਸੀਜਨ ਨਾ ਦੇਣ ਅਤੇ ਉਨ੍ਹਾਂ ਨਿੱਜੀ ਸਿਹਤ ਦੇਖਭਾਲ ਕੇਂਦਰਾਂ ’ਤੇ ਵੀ ਨਿਗਰਾਨੀ ਰੱਖਣ ਜੋ ਘਰਾਂ ’ਤੇ ਕੋਵਿਡ ਕੇਅਰ ਪੈਕੇਜ ਮੁਹੱਈਆ ਕਰਵਾਉਣ ਲਈ ਆਕਸੀਜਨ ਸਿਲੰਡਰਾਂ ਦਾ ਇਸਤੇਮਾਲ ਕਰ ਰਹੇ ਹਨ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਿਚ ਸੰਯੁਕਤ ਸਕੱਤਰ ਲਵ ਅਗਰਵਾ ਨੇ ਕਿਹਾ ਕਿ ਇਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਰਕਾਰ ਨੇ ਆਕਸੀਜਨ ਵਾਲੇ ਬਿਸਤਰਿਆਂ ਦੀ ਪ੍ਰਮੁੱਖ ਕਲੀਨੀਕਲ ਮਦਦ ਦੇ ਰੂਪ ਵਿਚ ਪਛਾਣ ਕੀਤੀ ਸੀ।

ਸਰਕਾਰ ਨੇ ਅਪ੍ਰੈਲ-ਮਈ 2020 ਵਿਚ ਹੀ ਰਾਸ਼ਟਰੀ ਪੱਧਰ ’ਤੇ 102400 ਆਕਸੀਜਨ ਸਿਲੰਡਰ ਖਰੀਦ ਲਏ ਸਨ ਅਤੇ ਉਨ੍ਹਾਂ ਸੂਬਿਆਂ ਦਰਮਿਆਨ ਵੰਡ ਦਿੱਤਾ ਸੀ। ਸੂਬਿਆਂ ਨੂੰ 8593 ਮੀਟ੍ਰਿਕ ਟਨ ਆਂਕਸੀਜਨ ਅਲਾਟ ਕੀਤੀ ਗਈ ਹੈ। 127000 ਆਕਸੀਜਨ ਸਿਲੰਡਰਾਂ ਦਾ ਆਰਡਰ 21 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਸਪਲਾਈ ਇੱਕ-ਅੱਧਾ ਦਿਨ ਵਿਚ ਹੋਣ ਵਾਲੀ ਹੈ। ਇਨ੍ਹਾਂ ਵਿਚ 54000 ਜੰਬੋ ਸਿਲੰਡਰ ਅਤੇ 73000 ਆਮ ਸਿਲੰਡਰ ਹਨ।

ਕੇਂਦਰ ਵਲੋਂ ਆਕਸੀਜਨ ਦੀ ਸਪਲਾਈ ਵਧਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਨੇ ਦੱਸਿਆ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨ. ਪੀ. ਪੀ. ਏ.) ਨੇ ਤਰਲ ਮੈਡੀਕਲ ਆਕਸੀਜਨ ਦੀ ਕੀਮਤ ਤੈਅ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਦੇਸ਼ ਭਰ ਵਿਚ 162 ਪ੍ਰੈਸ਼ਰ ਸਰਵਿੰਗ ਐਡਸਾਪ੍ਰਾਸ਼ਨ (ਪੀ. ਐੱਸ. ਏ.) ਪਲਾਂਟਾਂ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ ਹਰੇਕ ਦੀ ਸਮਰੱਥਾ 154 ਮੀਟ੍ਰਿਕ ਟਨ ਹੈ। ਇਨ੍ਹਾਂ ਵਿਚੋਂ 52 ਪਲਾਂਟ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ 87 ਦੀ ਸਪਲਾਈ ਹੋ ਗਈ ਹੈ ਅਤੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਦਾ ਕੰਮ ਜਾਰੀ ਹੈ।


Rakesh

Content Editor

Related News