ਇੰਟਰਨੈੱਟ ਸੁਰੱਖਿਆ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਉੱਠੀ ਮੰਗ, 56 ਫੀਸਦੀ ਮਾਪੇ ਤੇ ਅਧਿਆਪਕ ਸਹਿਮਤ
Tuesday, Feb 10, 2026 - 04:47 PM (IST)
ਨਵੀਂ ਦਿੱਲੀ: ਇੱਕ ਤਾਜ਼ਾ ਸਰਵੇਖਣ ਅਨੁਸਾਰ 56 ਫੀਸਦੀ ਤੋਂ ਵੱਧ ਮਾਪੇ ਅਤੇ ਅਧਿਆਪਕ ਇਸ ਗੱਲ ਦੀ ਵਕਾਲਤ ਕਰ ਰਹੇ ਹਨ ਕਿ ਵਿਦਿਆਰਥੀਆਂ ਨੂੰ ਵਧਦੇ ਆਨਲਾਈਨ ਖ਼ਤਰਿਆਂ ਅਤੇ ਮਾੜੀ ਸਮੱਗਰੀ ਤੋਂ ਬਚਾਉਣ ਲਈ 'ਇੰਟਰਨੈੱਟ ਸੁਰੱਖਿਆ' ਨੂੰ ਸਕੂਲਾਂ ਦੇ ਮੁੱਖ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਸਰਵੇਖਣ 1,800 ਮਾਪਿਆਂ ਅਤੇ 300 ਅਧਿਆਪਕਾਂ ਦੀਆਂ ਪ੍ਰਤੀਕਿਰਿਆਵਾਂ 'ਤੇ ਅਧਾਰਤ ਹੈ, ਜਿਸ 'ਚ ਮੁੱਖ ਤੌਰ 'ਤੇ ਇਹ ਦੇਖਿਆ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਿਸ ਤਰ੍ਹਾਂ ਡਿਜੀਟਲ ਦੁਨੀਆ ਨੂੰ ਬਦਲ ਰਹੀ ਹੈ ਤੇ ਬੱਚਿਆਂ ਦੇ ਸਿੱਖਣ ਤੇ ਸਮਾਜਿਕ ਤੌਰ 'ਤੇ ਵਿਚਰਨ ਦੇ ਤਰੀਕਿਆਂ ਨੂੰ ਪ੍ਰਭਾਵਤ ਕਰ ਰਹੀ ਹੈ।
ਸਰਵੇਖਣ ਦੇ ਅੰਕੜਿਆਂ ਮੁਤਾਬਕ 32 ਫੀਸਦੀ ਲੋਕਾਂ ਨੇ ਇੰਟਰਨੈੱਟ ਸੁਰੱਖਿਆ ਨੂੰ ਹਫਤਾਵਾਰੀ ਜਮਾਤਾਂ ਵਾਲਾ ਇੱਕ ਵੱਖਰਾ ਵਿਸ਼ਾ ਬਣਾਉਣ ਦੀ ਮੰਗ ਕੀਤੀ ਹੈ, ਜਦਕਿ 24 ਫੀਸਦੀ ਚਾਹੁੰਦੇ ਹਨ ਕਿ ਇਸ ਨੂੰ ਕੰਪਿਊਟਰ ਸਟੱਡੀਜ਼ ਵਰਗੇ ਮੌਜੂਦਾ ਵਿਸ਼ਿਆਂ 'ਚ ਹੀ ਸ਼ਾਮਲ ਕੀਤਾ ਜਾਵੇ। ਸਿਲਵਰਲਾਈਨ ਪ੍ਰੈਸਟੀਜ ਸਕੂਲ ਦੇ ਵਾਈਸ ਚੇਅਰਮੈਨ ਨਮਨ ਜੈਨ ਅਨੁਸਾਰ, ਅੱਜ ਦੀ ਡਿਜੀਟਲ ਦੁਨੀਆ ਪੁਰਾਣੇ ਸਮੇਂ ਨਾਲੋਂ ਬਿਲਕੁਲ ਵੱਖਰੀ ਹੈ ਤੇ ਹੁਣ ਆਨਲਾਈਨ ਸੁਰੱਖਿਆ ਸਿਰਫ ਇੱਕ ਵਿਕਲਪ ਨਹੀਂ ਸਗੋਂ ਇੱਕ ਜ਼ਰੂਰੀ ਸਾਖਰਤਾ ਬਣ ਗਈ ਹੈ।
ਸਾਈਬਰ ਬੁਲਿੰਗ ਤੇ ਨਿੱਜਤਾ ਮੁੱਖ ਚਿੰਤਾਵਾਂ
ਸਰਵੇਖਣ 'ਚ ਸ਼ਾਮਲ 34 ਫੀਸਦੀ ਲੋਕਾਂ ਨੇ ਸਾਈਬਰ ਬੁਲਿੰਗ (ਆਨਲਾਈਨ ਧੌਂਸਬਾਜ਼ੀ) ਨੂੰ ਰੋਕਣ ਨੂੰ ਆਪਣੀ ਮੁੱਖ ਚਿੰਤਾ ਦੱਸਿਆ ਹੈ। ਇਸ ਤੋਂ ਇਲਾਵਾ 29 ਫੀਸਦੀ ਨੇ ਅਣਉਚਿਤ ਸਮੱਗਰੀ ਅਤੇ ਆਨਲਾਈਨ ਸ਼ਿਕਾਰੀਆਂ ਤੋਂ ਬਚਾਅ ਨੂੰ ਤਰਜੀਹ ਦਿੱਤੀ। 22 ਫੀਸਦੀ ਨੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ 15 ਫੀਸਦੀ ਨੇ ਡਿਜੀਟਲ ਨਸ਼ੇ (ਸਕ੍ਰੀਨ ਟਾਈਮ) ਨੂੰ ਕੰਟਰੋਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਤਿਆਰੀ ਦੀ ਵੱਡੀ ਘਾਟ
ਹੈਰਾਨੀਜਨਕ ਤੱਥ ਇਹ ਹੈ ਕਿ ਭਾਵੇਂ 40 ਫੀਸਦੀ ਲੋਕ ਵਿਦਿਆਰਥੀਆਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ 'ਬਹੁਤ ਜ਼ਿਆਦਾ ਚਿੰਤਤ' ਹਨ, ਪਰ ਸਿਰਫ 12 ਫੀਸਦੀ ਮਾਪੇ ਅਤੇ ਅਧਿਆਪਕ ਹੀ ਇਸ ਮੁੱਦੇ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਮਹਿਸੂਸ ਕਰਦੇ ਹਨ। ਲਗਭਗ 51 ਫੀਸਦੀ ਨੇ ਮੰਨਿਆ ਕਿ ਉਹ 'ਕੁਝ ਹੱਦ ਤੱਕ ਤਿਆਰ' ਹਨ ਪਰ ਉਨ੍ਹਾਂ ਨੂੰ ਹੋਰ ਸਿਖਲਾਈ ਅਤੇ ਸਰੋਤਾਂ ਦੀ ਲੋੜ ਹੈ।
ਵਿਸ਼ੇ ਦੀ ਗੰਭੀਰਤਾ ਨੂੰ ਦੇਖਦੇ ਹੋਏ 42 ਫੀਸਦੀ ਭਾਗੀਦਾਰਾਂ ਨੇ ਸੁਝਾਅ ਦਿੱਤਾ ਹੈ ਕਿ ਸਕੂਲਾਂ ਵਿੱਚ ਡਿਜੀਟਲ ਸੁਰੱਖਿਆ ਦੇ ਸੈਸ਼ਨ ਮਹੀਨਾਵਾਰ ਹੋਣੇ ਚਾਹੀਦੇ ਹਨ। ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੱਚਿਆਂ ਨੂੰ ਸਿਰਫ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਡਿਜੀਟਲ ਦੁਨੀਆ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਵੀ ਤਿਆਰ ਕਰੀਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
