ਨਕਸਲਵਾਦ ਦੇ ਖ਼ਾਤਮੇ ਲਈ ਸੁਰੱਖਿਆ ਫੋਰਸਾਂ ਨੇ ਸ਼ੁਰੂ ਕੀਤੀ ਵੱਡੀ ਮੁਹਿੰਮ
Thursday, Mar 26, 2026 - 11:15 PM (IST)
ਨਵੀਂ ਦਿੱਲੀ, (ਭਾਸ਼ਾ)- ਨਕਸਲ ਵਿਰੋਧੀ ਮੁਹਿੰਮ ਗ੍ਰਿਡ ’ਚ ਤਾਇਨਾਤ ਸੁਰੱਖਿਆ ਫੋਰਸਾਂ ਨੇ ਦੇਸ਼ ’ਚ ਨਕਸਲਵਾਦ ਨੂੰ ਖ਼ਤਮ ਕਰਨ ਲਈ ਤੈਅ ਕੇਂਦਰ ਸਰਕਾਰ ਦੀ 31 ਮਾਰਚ ਦੀ ਡੈੱਡਲਾਈਨ ’ਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਰਹਿਣ ਦਰਮਿਆਨ ਬਚੇ ਹੋਏ ਹਥਿਆਰਬੰਦ ਮਾਓਵਾਦੀ ਕੈਡਰ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ‘ਮੁਹਿੰਮ ਅਤੇ ਘਟਨਾਚੱਕਰ’ ਦਾ ਇਕ ਰੋਡਮੈਪ ਵੀ ਤਿਆਰ ਕਰ ਰਹੀ ਹੈ ਜਿਸ ਵਿਚ ਇਨ੍ਹਾਂ ਖੇਤਰਾਂ ਤੋਂ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੀਆਂ 5 ਬਟਾਲੀਅਨਾਂ ਨੂੰ ਵਾਪਸ ਸੱਦਣ ਅਤੇ ਕਈ ਭਲਾਈ ਯੋਜਨਾਵਾਂ ਸ਼ੁਰੂ ਕਰਨ ਦਾ ਐਲਾਨ ਸ਼ਾਮਲ ਹੋਣ ਦੀ ਉਮੀਦ ਹੈ।
ਸੂਤਰਾਂ ਨੇ ਸੰਕੇਤ ਦਿੱਤਾ ਕਿ ਮਹਾਰਾਸ਼ਟਰ, ਛੱਤੀਸਗੜ੍ਹ, ਤੇਲੰਗਾਨਾ ਅਤੇ ਓਡਿਸ਼ਾ ਨੂੰ ਸ਼ਾਮਲ ਕਰਦੇ ਹੋਏ ਇਕ ਸਰਹੱਦ-ਪਾਰ ਮੁਹਿੰਮ ’ਤੇ ਵੀ ਕੰਮ ਚੱਲ ਰਿਹਾ ਹੈ। ਸੀ. ਏ. ਪੀ. ਐੱਫ. ਦੇ ਇੱਕ ਚੋਟੀ ਦੇ ਕਮਾਂਡਰ ਨੇ ਕਿਹਾ ਕਿ ਯੋਜਨਾ 31 ਮਾਰਚ ਤੱਕ 100 ਫੀਸਦੀ ਹਥਿਆਰਬੰਦ ਨਕਸਲੀਆਂ ਨੂੰ ਬੇਅਸਰ ਕਰਨ ਦੀ ਹੈ। ਇਹ ਸਮਾਂ ਹੱਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ। ਇਹ ਜਾਂ ਤਾਂ ਮੁਕਾਬਲਿਆਂ ਰਾਹੀਂ ਹੋਵੇਗਾ ਜਾਂ ਫਿਰ ਉਨ੍ਹਾਂ ਦੇ ਆਤਮ-ਸਮਰਪਣ ਨਾਲ।
ਸੀ. ਆਰ. ਪੀ. ਐੱਫ. ਦੀਆਂ 3-4 ਕੋਬਰਾ ਇਕਾਈਆਂ ਜਾਣਗੀਆਂ ਝਾਰਖੰਡ
ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀਆਂ ਲੱਗਭਗ 3 ਤੋਂ 4 ਕੋਬਰਾ ਇਕਾਈਆਂ ਨੂੰ ਛੱਤੀਸਗੜ੍ਹ ਤੋਂ ਝਾਰਖੰਡ ਭੇਜਿਆ ਜਾ ਰਿਹਾ ਹੈ ਤਾਂ ਜੋ ਪੱਛਮੀ ਸਿੰਘਭੂਮ ਜ਼ਿਲੇ ਦੇ ਸਾਰੰਡਾ ਜੰਗਲਾਂ ’ਚ ਵਿਸ਼ੇਸ਼ ਮੁਹਿੰਮ ਚਲਾਈ ਜਾ ਸਕੇ। ਇਸੇ ਤਰ੍ਹਾਂ, ਸੂਤਰਾਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ., ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਅਤੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੀਆਂ ਟੀਮਾਂ ਨੂੰ ਛੱਤੀਸਗੜ੍ਹ ਦੇ ਬਸਤਰ ਇਲਾਕੇ ’ਚ ‘ਮੁੜ ਤੋਂ ਤਾਇਨਾਤ’ ਕੀਤਾ ਜਾ ਰਿਹਾ ਹੈ, ਜਿਸ ਦਾ ਖਾਸ ਮਕਸਦ ਹਥਿਆਰਬੰਦ ਮਾਓਵਾਦੀ ਕੈਡਰਾਂ ਦੇ ਨਾਲ ਮੁਕਾਬਲਾ ਕਰਨਾ ਜਾਂ ਉਨ੍ਹਾਂ ਨੂੰ ਆਤਮ-ਸਮਰਪਣ ਲਈ ਮਜਬੂਰ ਕਰਨਾ ਹੈ।
