‘ਹਿਮਾਚਲ ’ਚ 5 ਸਾਲਾਂ ’ਚ ਖੱਡਾਂ ’ਚ ਮੋਟਰਗੱਡੀਆਂ ਦੇ ਡਿੱਗਣ ਨਾਲ 2600 ਲੋਕਾਂ ਦੀ ਹੋਈ ਮੌਤ’
Thursday, Jul 07, 2022 - 11:54 AM (IST)
ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ’ਚ ਪਿਛਲੇ 5 ਸਾਲ ਦੌਰਾਨ ਵੱਖ-ਵੱਖ ਮੋਟਰਗੱਡੀਆਂ ਦੇ ਖੱਡਾਂ ’ਚ ਡਿੱਗਣ ਨਾਲ 2600 ਦੇ ਲਗਭਗ ਲੋਕਾਂ ਦੀ ਮੌਤ ਹੋਈ ਹੈ। ਸੂਬਾਈ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਾਲਾਂ ਦੌਰਾਨ ਲਗਭਗ 3 ਹਜ਼ਾਰ ਮੋਟਰਗੱਡੀਆਂ ਖੱਡਾਂ ’ਚ ਡਿੱਗੀਆਂ। ਇਨ੍ਹਾਂ ’ਚ ਬੱਸਾਂ ਅਤੇ ਛੋਟੀਆਂ ਮੋਟਰਗੱਡੀਆਂ ਵੀ ਸ਼ਾਮਲ ਹਨ।
ਪੁਲਸ ਦਾ ਇਹ ਬਿਆਨ ਕੁੱਲੂ ਜ਼ਿਲੇ ’ਚ ਇਕ ਬੱਸ ਦੇ ਖੱਡ ’ਚ ਡਿੱਗਣ ਤੋਂ ਇਕ ਦਿਨ ਬਾਅਦ ਆਇਆ ਹੈ। ਪੁਲਸ ਮੁਖੀ ਸੰਜੇ ਕੁੰਡੂ ਵਲੋਂ ਜਾਰੀ ਇਕ ਬਿਆਨ ਮੁਤਾਬਕ ਹਿਮਾਚਲ ਪ੍ਰਦੇਸ਼ ’ਚ ਪਿਛਲੇ 5 ਸਾਲ ਦੌਰਾਨ ਮੋਟਰਗੱਡੀਆਂ ਦੇ ਖੱਡਾਂ ’ਚ ਡਿੱਗਣ ਦੀਆਂ ਕੁੱਲ 3020 ਘਟਨਾਵਾਂ ਵਾਪਰੀਆਂ ਅਤੇ 2633 ਲੋਕਾਂ ਦੀ ਜਾਨ ਗਈ। 6792 ਵਿਅਕਤੀ ਜ਼ਖਮੀ ਵੀ ਹੋਏ।
ਸੂਬੇ ’ਚ ਸੜਕਾਂ ਦੀ ਕੁਲ ਲੰਬਾਈ 38025 ਕਿਲੋਮੀਟਰ ਹੈ। ਸਭ ਤੋਂ ਵਧ ਹਾਦਸੇ ਸ਼ਿਮਲਾ ਜ਼ਿਲੇ ’ਚ ਹੋਏ ਜਿਨ੍ਹਾਂ ਦੀ ਗਿਣਤੀ 973 ਹੈ। ਉਸ ਤੋਂ ਬਾਅਦ ਮੰਡੀ ਜ਼ਿਲੇ ’ਚ 425 ਅਤੇ ਚੰਬਾ ਅਤੇ ਸਿਰਮੌਰ ਜ਼ਿਲਿਆਂ ’ਚ 306 ਹਾਦਸੇ ਹੋਏ। ਸਭ ਤੋਂ ਵੱਧ 869 ਮੌਤਾਂ ਸ਼ਿਮਲਾ ਜ਼ਿਲੇ ’ਚ ਹੋਈਆਂ। ਮੰਡੀ ’ਚ 331 ਅਤੇ ਚੰਬਾ ’ਚ 284 ਵਿਅਕਤੀਆਂ ਦੀ ਜਾਨ ਗਈ।