ਗੁਜਰਾਤ ''ਚ ਟਰੱਕ ਤੋਂ 2500 ਕਿਲੋਗ੍ਰਾਮ ਤੋਂ ਵੱਧ ਦਾ ਚੂਰਾ ਪੋਸਤ ਜ਼ਬਤ

06/03/2023 4:36:27 PM

ਭੋਪਾਲ (ਭਾਸ਼ਾ)- ਕੇਂਦਰੀ ਨਾਰਕੋਟਿਕਸ ਬਿਊਰੋ (ਸੀ.ਬੀ.ਐੱਨ.) ਦੀ ਮੱਧ ਪ੍ਰਦੇਸ਼ ਇਕਾਈ ਨੇ ਗੁਆਂਢੀ ਰਾਜ ਗੁਜਰਾਤ 'ਚ ਇਕ ਟਰੱਕ ਤੋਂ 2,597 ਕਿਲੋਗ੍ਰਾਮ ਚੂਰਾ ਪੋਸਤ (ਅਫੀਮ) ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਵੀਰਵਾਰ ਨੂੰ ਮੁਹਿੰਮ ਚਲਾਈ ਗਈ। ਉਨ੍ਹਾਂ ਅਨੁਸਾਰ, ਸੀ.ਬੀ.ਐੱਨ. ਦੀ ਟੀਮ ਨੇ ਵਡੋਦਰਾ ਦੇ ਉਂਟੀਆ 'ਚ ਇਕ ਹੋਟਲ ਕੋਲ ਇਕ ਟਰੱਕ ਨੂੰ ਰੋਕਿਆ, ਜਿਸ 'ਤੇ ਰਾਜਸਥਾਨ ਦੀ ਨੰਬਰ ਪਲੇਟ ਲੱਗੀ ਸੀ। ਉਨ੍ਹਾਂ ਕਿਹਾ,''ਪ੍ਰਾਪਤ ਜਾਣਕਾਰੀ ਅਨੁਸਾਰ, ਚੂਰਾ ਪੋਸਤ ਝਾਰਖੰਡ ਤੋਂ ਗੁਜਰਾਤ ਦੇ ਰਸਤੇ ਰਾਜਸਥਾਨ ਲਿਜਾਇਆ ਜਾ ਰਿਹਾ ਸੀ। ਇਸ ਦੇ ਮੱਦੇਨਜ਼ਰ ਮਾਰਗ 'ਤੇ ਸਖ਼ਤ ਨਿਗਰਾਨੀ ਰੱਖੀ ਗਈ ਸੀ ਅਤੇ ਸੀ.ਬੀ.ਐੱਨ. ਅਧਿਕਾਰੀਆਂ ਨੇ ਵਾਹਨ ਦੀ ਪਛਾਣ ਕਰ ਕੇ ਉਸ ਨੂੰ ਰੋਕਿਆ।'' ਅਧਿਕਾਰੀਆਂ ਨੇ ਕਿਹਾ ਕਿ ਟਰੱਕ 'ਚ ਸੁੱਕੀ ਲਾਲ ਮਿਰਚ ਨੂੰ ਸਫੈਦ ਪਲਾਸਟਿਕ ਦੀਆਂ ਬੋਰੀਆਂ 'ਚ ਭਰ ਕੇ ਲਿਜਾਇਆ ਜਾ ਰਿਹਾ ਸੀ ਅਤੇ ਵਾਹਨ ਸਵਾਰ ਤੋਂ ਲਗਾਤਾਰ ਪੁੱਛ-ਗਿੱਛ ਤੋਂ ਬਾਅਦ ਉਸ ਨੇ ਦੱਸਿਆ ਕਿ ਟਰੱਕ 'ਚ ਰੱਖੇ ਸਾਮਾਨ ਦੇ ਪਿੱਛੇ ਚੂਰਾ ਪੋਸਤ ਰੱਖੀ ਹੋਈ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਸੁਰੱਖਿਆ ਕਾਰਨਾਂ ਕਰ ਕੇ ਰਾਜਮਾਰਗ 'ਤੇ ਟਰੱਕ ਦੀ ਤਲਾਸ਼ੀ ਲੈਣਾ ਸੰਭਵ ਨਹੀਂ ਸੀ, ਇਸ ਲਈ ਵਾਹਨ ਨੂੰ ਨਜ਼ਦੀਕੀ ਸੀ.ਬੀ.ਐੱਨ. ਦਫ਼ਤਰ ਲਿਜਾਉਣ ਦਾ ਫ਼ੈਸਲਾ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਐੱਨ. ਦਫ਼ਤਰ 'ਚ ਲਿਜਾਉਣ ਤੋਂ ਬਾਅਦ ਟਰੱਕ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਸੁੱਕੀ ਲਾਲ ਮਿਰਚ ਦੀਆਂ 50 ਬੋਰੀਆਂ ਦੇ ਪਿੱਛਿਓਂ ਸਫੈਦ ਪਲਾਸਟਿਕ ਦੀਆਂ 104 ਬੋਰੀਆਂ 'ਚ ਭਰੀ 2,597.850 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਟਰੱਕ, ਚੂਰਾ-ਪੋਸਤ ਅਤੇ ਸੁੱਕੀ ਲਾਲ ਮਿਰਚ ਜ਼ਬਤ ਕਰ ਲਈ ਗਈ ਅਤੇ ਇਕ ਵਿਅਕਤੀ ਨੂੰ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਪ੍ਰਬੰਧਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਫ਼ਤੇ ਦੀ ਸ਼ੁਰੂਆਤ 'ਚ ਸੀ.ਬੀ.ਐੱਨ. ਦੀ ਮੱਧ ਪ੍ਰਦੇਸ਼ ਇਕਾਈ ਨੇ 4,433.45 ਕਿਲੋਗ੍ਰਾਮ ਚੂਰਾ ਪੋਸਤ ਜ਼ਬਤ ਕੀਤਾ ਸੀ। ਇਸ ਨੂੰ ਗੁਜਰਾਤ 'ਚ ਮੇਹਸਾਣਾ ਟੋਲ ਪਲਾਜ਼ਾ 'ਤੇ ਇਕ ਕੰਟੇਨਰ ਟਰੱਕ ਤੋਂ ਜ਼ਬਤ ਕੀਤਾ ਗਿਆ ਸੀ, ਜਿੱਥੇ ਇਸ ਨੂੰ ਇਕ ਲੋਕਪ੍ਰਿਯ ਬਿਸਕੁਟ ਬਰਾਂਡ ਦੇ ਡੱਬਿਆਂ ਦੇ ਪਿੱਛੇ ਪਲਾਸਟਿਕ ਦੀਆਂ 206 ਬੋਰੀਆਂ 'ਚ ਰੱਖਿਆ ਗਿਆ ਸੀ। ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।


DIsha

Content Editor

Related News