ਮਿਜ਼ੋਰਮ ’ਚ 1000 ਤੋਂ ਵੱਧ ਪੁਲਸ ਮੁਲਾਜ਼ਮ ਵੋਟ ਪਾਉਣ ਤੋਂ ਵਾਂਝੇ, ਗਿਣਤੀ ਤੋਂ ਪਹਿਲਾਂ ਵੋਟ ਪਾਉਣ ਦੇਣ ਦੀ ਅਪੀਲ

05/21/2024 5:23:06 PM

ਨੈਸ਼ਨਲ ਡੈਸਕ- ਮਿਜ਼ੋਰਮ ’ਚ 19 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਚੋਣਾਂ ਵਿਚ 1000 ਤੋਂ ਵੱਧ ਪੁਲਸ ਮੁਲਾਜ਼ਮ ਵੋਟ ਨਹੀਂ ਪਾ ਸਕੇ। ਰਾਜ ਚੋਣ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪੁਲਸ ਮੁਲਾਜ਼ਮ 19 ਅਪ੍ਰੈਲ ਤੋਂ ਕਈ ਦਿਨ ਪਹਿਲਾਂ ਹੋਰਨਾਂ ਸੂਬਿਆਂ ਵਿਚ ਚੋਣ ਡਿਊਟੀ ’ਤੇ ਤਾਇਨਾਤ ਹੋ ਗਏ ਸਨ। ਉੱਤਰ-ਪੂਰਬੀ ਰਾਜ ਮਿਜ਼ੋਰਮ ਵਿਚ 19 ਅਪ੍ਰੈਲ ਨੂੰ ਵੋਟਾਂ ਪਾਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਵੋਟਿੰਗ ਲਈ ਸੁਵਿਧਾ ਕੇਂਦਰਾਂ ’ਤੇ ਪ੍ਰਬੰਧ ਕੀਤੇ ਜਾਣੇ ਸਨ ਪਰ ਅਜਿਹੇ ਪ੍ਰਬੰਧ ਨਹੀਂ ਹੋ ਸਕੇ ਕਿਉਂਕਿ ਉਮੀਦਵਾਰਾਂ ਦੇ ਤੈਅ ਹੋਣ ਤੋਂ ਪਹਿਲਾਂ ਹੀ ਉਹ ਸੂਬਾ ਛੱਡ ਕੇ ਜਾ ਚੁੱਕੇ ਸਨ।

ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਵੋਟਿੰਗ ਦੀ ਇਜਾਜ਼ਤ ਪ੍ਰਦਾਨ ਕਰਨ ਲਈ 2 ਵਾਰ ਚੋਣ ਕਮਿਸ਼ਨ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਵੀ ਕਮਿਸ਼ਨ ਨੇ ਕਥਿਤ ਤੌਰ ’ਤੇ ਅਪੀਲ ਰੱਦ ਕਰ ਦਿੱਤੀ। ਇਸ ’ਤੇ ਪੀਪੁਲਜ਼ ਕਾਨਫਰੰਸ ਪਾਰਟੀ ਨੇ ਚੋਣ ਕਮਿਸ਼ਨ ਦੇ ਪ੍ਰਮੁੱਖ ਸਕੱਤਰ ਐੱਸ. ਬੀ. ਜੋਸ਼ੀ ਨੂੰ ਪੱਤਰ ਲਿਖ ਕੇ ਮਿਜ਼ੋਰਮ ਦੇ 1047 ਪੁਲਸ ਮੁਲਾਜ਼ਮਾਂ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।

ਪੀਪੁਲਜ਼ ਕਾਨਫਰੰਸ ਪਾਰਟੀ ਨੇ ਇਨ੍ਹਾਂ ਪੁਲਸ ਮੁਲਾਜ਼ਮਾਂ ਲਈ ‘ਇਲੈਕਟ੍ਰੋਨਿਕਲੀ ਟਰਾਂਸਮਿਟਿਡ ਪੋਸਟਲ ਬੈਲਟ ਸਿਸਟਮ (ਈ. ਟੀ. ਪੀ. ਬੀ. ਐੱਸ.)’ ਦਾ ਪ੍ਰਬੰਧ ਨਾ ਕਰ ਸਕਣ ਨੂੰ ਲੈ ਕੇ ਅਧਿਕਾਰੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ 1047 ਵੋਟਾਂ ਮਿਜ਼ੋਰਮ ਵਰਗੇ ਛੋਟੇ ਸੂਬੇ ਦੇ ਚੋਣ ਨਤੀਜੇ ’ਚ ਸਾਰਥਕ ਪ੍ਰਭਾਵ ਪਾ ਸਕਦੀਆਂ ਹਨ। ਮਿਜ਼ੋਰਮ ਵਿਚ ਸਿਰਫ ਇਕ ਲੋਕ ਸਭਾ ਸੀਟ ਹੈ। ਮਿਜ਼ੋਰਮ ਲੋਕ ਸਭਾ ਸੀਟ ’ਤੇ 2019 ਵਿਚ ਐੱਮ. ਐੱਨ. ਐੱਫ. ਨੇ ਜਿੱਤ ਹਾਸਲ ਕੀਤੀ ਸੀ। 2024 ਵਿਚ ਇਥੋਂ ਦੀ ਇਕ ਸੀਟ ’ਤੇ ਪਹਿਲੇ ਪੜਾਅ ਵਿਚ 19 ਅਪ੍ਰੈਲ ਨੂੰ ਵੋਟਾਂ ਪਈਆਂ ਸਨ।


Rakesh

Content Editor

Related News