ਕੇਸ ਦੀ ਸਹੀ ਸੁਣਵਾਈ ਨਾ ਕਰਨ ’ਤੇ ਹਾਈ ਕੋਰਟ ਨੇ ਤਹਿਸੀਲਦਾਰ ਨੂੰ ਸੁਣਾਈ ‘ਅਨੋਖੀ ਸਜ਼ਾ’

Saturday, May 21, 2022 - 05:41 PM (IST)

ਕੇਸ ਦੀ ਸਹੀ ਸੁਣਵਾਈ ਨਾ ਕਰਨ ’ਤੇ ਹਾਈ ਕੋਰਟ ਨੇ ਤਹਿਸੀਲਦਾਰ ਨੂੰ ਸੁਣਾਈ ‘ਅਨੋਖੀ ਸਜ਼ਾ’

ਭੁਵਨੇਸ਼ਵਰ– ਉੜੀਸਾ ਹਾਈ ਕੋਰਟ ਨੇ ਇਕ ਤਹਿਸੀਲਦਾਰ ਨੂੰ ਸਜ਼ਾ ਵਜੋਂ 50 ਰੁੱਖ ਲਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਸਜ਼ਾ ਤਹਿਸੀਲਦਾਰ ਨੂੰ ਇਕ ਅਨਪੜ੍ਹ ਮਹਿਲਾ ਦੇ ਕੇਸ ਦੀ ਸਹੀ ਸੁਣਵਾਈ ਨਾ ਕਰਨ 'ਤੇ ਜੁਰਮਾਨਾ ਲਗਾਉਣ ਦੇ ਦੋਸ਼ ਵਿਚ ਸੁਣਾਈ ਹੈ। ਜਸਟਿਸ ਵਿਸ਼ਵਨਾਥ ਰੱਥ ਨੇ ਹਾਲ ਹੀ ਵਿਚ ਪੁਰੀ ਜ਼ਿਲ੍ਹੇ ਦੇ ਕਾਕਤਪੁਰ ਦੇ ਤਹਿਸੀਲਦਾਰ ਬਿਰੰਚੀ ਨਰਾਇਣ ਬਹਿਰਾ ਨੂੰ ਕਟਕ ਵਿਕਾਸ ਅਥਾਰਟੀ ਖੇਤਰ ਦੇ ਕਿਸੇ ਵੀ ਸੈਕਟਰ ’ਚ ਸੜਕ ਕੰਢੇ ਰੁੱਖ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। 

ਤਹਿਸੀਲਦਾਰ ਬਹਿਰਾ ਨੇ ਮਹਿਲਾ ਮੀਤਾ ਦਾਸ ਖਿਲਾਫ ਪਿੰਡ ਬਲਾਣਾ ਦੀ 0.08 ਏਕੜ ਗੋਚਰ ਜ਼ਮੀਨ (ਚਰਾਗਾਹ) 'ਤੇ ਕਥਿਤ ਤੌਰ 'ਤੇ ਕਬਜ਼ਾ ਕਰਨ ਅਤੇ ਉਸ 'ਤੇ ਕੱਚਾ ਘਰ ਬਣਾਉਣ ਦੇ ਦੋਸ਼ 'ਚ ਖੁਦ ਕਾਰਵਾਈ ਕੀਤੀ ਸੀ। ਬਹਿਰਾ ਨੇ ਪਿਛਲੇ ਸਾਲ 15 ਸਤੰਬਰ ਨੂੰ ਮਹਿਲਾ ਨੂੰ ਉੱਥੋਂ ਹੱਟਣ ਦਾ ਹੁਕਮ ਜਾਰੀ ਕੀਤਾ ਸੀ ਅਤੇ ਨਾਲ ਹੀ 1000 ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।

ਓਧਰ ਮਹਿਲਾ ਦੇ ਵਕੀਲ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਰੱਥ ਨੇ ਦੇਖਿਆ ਕਿ ਤਹਿਸੀਲਦਾਰ ਨੇ ਮਹਿਲਾ ਨੂੰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਇਕ "ਅਨੋਖਾ" ਆਦੇਸ਼ ਪਾਸ ਕੀਤਾ ਸੀ। ਅਦਾਲਤ ਨੇ ਕਿਹਾ ਕਿ ਉੜੀਸਾ ਸੂਬੇ ’ਚ ਅਜਿਹੀ ਕਿਸੇ ਵੀ ਅਥਾਰਟੀ ਵਲੋਂ ਅਜਿਹੀ ਕਾਰਵਾਈ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਅਤੇ ਤਹਿਸੀਲਦਾਰ ਨੂੰ ਘੱਟੋ-ਘੱਟ 50 ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ।  ਤਹਿਸੀਲਦਾਰ ਨੇ ਉਕਤ ਮਹਿਲਾ ਖਿਲਾਫ ਉੜੀਸਾ ਜ਼ਮੀਨੀ ਕਬਜ਼ੇ ਦਾ ਨਿਵਾਰਣ ਕਾਨੂੰਨ ਤਹਿਤ ਕਾਰਵਾਈ ਕੀਤੀ ਸੀ। ਮਹਿਲਾ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਅਨਪੜ੍ਹ ਸੀ ਅਤੇ ਸਬੰਧਤ ਕਾਨੂੰਨ ਤੋਂ ਜਾਣੂ ਨਹੀਂ ਸੀ। ਤਹਿਸੀਲਦਾਰ ਨੂੰ ਉਸ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦਾ ਮੌਕਾ ਦੇਣਾ ਚਾਹੀਦਾ ਸੀ।


author

Tanu

Content Editor

Related News