ਪਰਿਵਾਰ ਨੇ ਸੜਕ ਹਾਦਸੇ ਤੋਂ ਬਾਅਦ ''ਬ੍ਰੇਨ ਡੈੱਡ'' ਹੋਈ ਔਰਤ ਦੇ ਕੀਤੇ ਅੰਗ ਦਾਨ
Tuesday, Feb 28, 2023 - 02:02 PM (IST)
ਮੰਗਲੁਰੂ (ਭਾਸ਼ਾ)- ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਮਣੀਪਾਲ ਸਥਿਤ ਕਸਤੂਰਬਾ ਹਸਪਤਾਲ (ਕੇ.ਐੱਮ.ਸੀ.) 'ਚ 'ਬ੍ਰੇਨ ਡੈੱਡ' ਐਲਾਨ ਕੀਤੀ ਜਾ ਚੁੱਕੀ 44 ਸਾਲਾ ਇਕ ਔਰਤ ਦੇ ਪਰਿਵਾਰ ਵਲੋਂ ਉਸ ਦੇ ਅੰਗ ਦਾਨ ਦੀ ਇੱਛਾ ਜ਼ਾਹਰ ਕੀਤੇ ਜਾਣ ਤੋਂ ਬਾਅਦ, ਔਰਤ ਦੇ 5 ਅੰਗ ਟਰਾਂਸਪਲਾਂਟੇਸ਼ਨ ਲਈ ਕੱਢੇ ਗਏ ਹਨ। ਔਰਤ ਦਾ ਜਿਗਰ (ਲਿਵਰ) ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ 'ਚ ਅਤੇ ਇਕ ਗੁਰਦਾ (ਕਿਡਨੀ) ਮੰਗਲੁਰੂ ਦੇ ਇਕ ਹਸਪਤਾਲ 'ਚ ਦਾਖ਼ਲ ਲੋੜਵੰਦ ਮਰੀਜ਼ਾਂ ਲਈ ਭੇਜੇ ਗਏ ਹਨ। ਕੇ.ਐੱਮ.ਸੀ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਵਿਨਾਸ਼ ਸ਼ੈੱਟੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕਸਤੂਰਬਾ ਹਸਪਤਾਲ ਵਲੋਂ ਰਜਿਸਟਰਡ ਰੋਗੀਆਂ ਲਈ ਇਕ ਗੁਰਦਾ, ਕਾਰਨੀਆ ਅਤੇ ਚਮੜੀ ਰੱਖੀ ਗਈ ਹੈ। ਦੱਸਣਯੋਗ ਹੈ ਕਿ ਦਿਮਾਗ਼ 'ਚ ਖੂਨ ਜਾਂ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਮਰੀਜ਼ ਦਾ ਦਿਮਾਗ਼ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਸਥਿਤੀ ਨੂੰ 'ਬ੍ਰੇਨ ਡੈੱਡ' ਕਿਹਾ ਜਾਂਦਾ ਹੈ।
ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਉਡੁਪੀ ਜ਼ਿਲ੍ਹੇ ਦੇ ਬਯੰਦੂਰ ਤਾਲੁਕ ਦੇ ਉਪੁੰਡਾ ਵਾਸੀ ਸ਼ਿਲਪਾ ਮਾਧਵ (44) 25 ਫਰਵਰੀ ਨੂੰ ਇਕ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ। ਪੀੜਤਾ ਨੂੰ ਉਸੇ ਦਿਨ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਸ਼ਿਲਪਾ 'ਚ ਠੀਕ ਹੋਣ ਦੇ ਕੋਈ ਸੰਕੇਤ ਨਹੀਂ ਦਿੱਸੇ। ਡਾਕਟਰਾਂ ਦੇ ਇਕ ਪੈਨਲ ਨੇ 26 ਫਰਵਰੀ ਨੂੰ ਉਨ੍ਹਾਂ ਨੂੰ 'ਬ੍ਰੇਨ ਡੈੱਡ' ਐਲਾਨ ਕਰ ਦਿੱਤਾ ਸੀ। ਸ਼ਿਲਪਾ ਦੇ ਪਤੀ ਪ੍ਰਸੰਨਾ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਅੰਗਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਸ਼ੈੱਟੀ ਨੇ ਕਿਹਾ ਕਿ ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਪ੍ਰੋਟੋਕਾਲ ਅਨੁਸਾਰ, ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਸ਼ਿਲਪਾ ਦੇ ਅੰਗ ਕੱਢੇ ਗਏ ਅਤੇ ਉਡੁਪੀ ਅਤੇ ਦੱਖਣ ਕੰਨੜ ਪੁਲਸ ਦੀ ਮਦਦ ਨਾਲ ਗ੍ਰੀਨ ਕੋਰੀਡੋਰ ਬਣਾ ਕੇ ਲੋੜਵੰਦ ਮਰੀਜ਼ਾਂ ਲਈ ਹਸਪਤਾਲ 'ਚ ਭੇਜੇ ਗਏ।